ਨਵਾਂਸ਼ਹਿਰ, 02 ਜਨਵਰੀ : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ, ਹਰਭਜਨ ਸਿੰਘ ਈ.ਟੀ.ਓ ਨੇ ਨਵੇਂ ਸਾਲ ਦੇ ਪਹਿਲੇ ਕੰਮਕਾਜੀ ਦਿਨ ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਨਵਾਂਸ਼ਹਿਰ ਦਫ਼ਤਰ ਵਿਖੇ ਅਚਨਚੇਤ ਦੌਰਾ ਕੀਤਾ। ਸੋਮਵਾਰ ਸ਼ਾਮ 4:45 ਵਜੇ ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਵਿਖੇ ਪਾਵਰਕਾਮ ਕੰਪਲੈਕਸ, ਜਿਸ ਵਿੱਚ ਪੀ.ਐਸ.ਪੀ.ਸੀ.ਐਲ. ਦੇ ਸਰਕਲ, ਡਿਵੀਜ਼ਨ ਅਤੇ ਸਬ ਡਵੀਜ਼ਨ ਦਫ਼ਤਰ ਹਨ, ਵਿਖੇ ਪਹੁੰਚ ਕੇ ਬਿਜਲੀ ਮੰਤਰੀ ਨੇ ਸਾਰੇ ਹਾਜ਼ਰੀ ਰਜਿਸਟਰ ਆਪਣੇ ਕਬਜ਼ੇ ਵਿੱਚ ਲੈ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਇਕ-ਇਕ ਕਰਕੇ ਸਬ ਡਿਵੀਜ਼ਨ, ਡਿਵੀਜ਼ਨ ਅਤੇ ਸਰਕਲ ਦਫ਼ਤਰਾਂ ਵਿਚ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਬੁਲਾਇਆ ਅਤੇ ਰਜਿਸਟਰ ਵਿਚ ਉਨ੍ਹਾਂ ਦੀ ਹਾਜ਼ਰੀ ਦੀ ਜਾਂਚ ਕੀਤੀ। ਚੈਕਿੰਗ ਸਮਾਪਤ ਕਰਨ ਉਪਰੰਤ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਅਚਨਚੇਤ ਦੌਰੇ ਦਾ ਮਕਸਦ ਇਸ ਜ਼ਰੂਰੀ ਸੇਵਾਵਾਂ ਵਿਭਾਗ ਦਾ ਸਟਾਫ਼ ਡਿਊਟੀ 'ਤੇ ਮੌਜੂਦ ਹੋਣਾ ਯਕੀਨੀ ਬਣਾਉਣਾ ਸੀ | ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਡਿਪਟੀ ਚੀਫ਼ ਇੰਜਨੀਅਰ ਨਰੇਸ਼ ਕੁਮਾਰ ਅਤੇ ਐਕਸੀਅਨ ਨਿਤਿਨ ਕੁਮਾਰ ਸਮੇਤ ਸਾਰੇ ਕਰਮਚਾਰੀ ਅਤੇ ਅਧਿਕਾਰੀ ਕੰਮਕਾਜੀ ਦਿਨ ਦੇ ਆਖਰੀ ਸਮੇਂ 'ਤੇ ਹਾਜ਼ਰ ਪਾਏ ਗਏ। ਕੁਝ ਕਰਮਚਾਰੀ ਜੋ ਦਫਤਰ ਵਿੱਚ ਮੌਜੂਦ ਨਹੀਂ ਸਨ, ਨੇ ਪਹਿਲਾਂ ਹੀ ਲੋੜੀਂਦੀ ਅਰਜ਼ੀ ਜਮ੍ਹਾਂ ਕਰਵਾਈ ਹੋਈ ਸੀ ਅਤੇ ਮੂਵਮੈਂਟ ਰਜਿਸਟਰ ਵਿੱਚ ਦਫਤਰ ਨਾ ਹੋਣ ਦਾ ਜਾਇਜ਼ ਕਾਰਨ ਦਰਜ ਕੀਤਾ ਹੋਇਆ ਸੀ। ਰਾਜ ਵਿੱਚ ਪੀ.ਐਸ.ਪੀ.ਸੀ.ਐਲ. ਦੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਬਿਜਲੀ ਵਿੱਚ ਵਾਧੂ ਅਤੇ ਆਤਮ ਨਿਰਭਰ ਸੂਬਾ ਬਣਾਉਣ ਲਈ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਸਾਰੇ ਹਾਜ਼ਰੀ ਰਜਿਸਟਰਾਂ ਨੂੰ ਇੱਕ ਕਰ ਦਿੱਤਾ ਗਿਆ ਹੈ ਅਤੇ ਫੀਲਡ ਡਿਊਟੀ ਦੀ ਸਥਿਤੀ ਵਿੱਚ ਦਫ਼ਤਰ ਛੱਡਣ ਤੋਂ ਪਹਿਲਾਂ ਇੱਕ ਮੂਵਮੈਂਟ ਰਜਿਸਟਰ ਲਾਜ਼ਮੀ ਕੀਤਾ ਗਿਆ ਹੈ। ਹਾਜ਼ਰੀ ਜਾਂਚ ਉਪਰੰਤ ਸੰਖੇਪ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੀ.ਐਸ.ਪੀ.ਸੀ.ਐਲ. ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਸਫਲ ਯਤਨ ਕੀਤੇ ਹਨ ਅਤੇ ਹੁਣ ਤੱਕ ਮੁੱਖ ਮੰਤਰੀ ਵੱਲੋਂ ਵੱਖ-ਵੱਖ ਦਿਨਾਂ ਵਿੱਚ ਲਗਭਗ 22000 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਘਰੇਲੂ ਉਪਭੋਗਤਾਵਾਂ ਨੂੰ ਪ੍ਰਤੀ ਸਾਈਕਲ 600 ਯੂਨਿਟ ਤੱਕ ਮੁਫਤ ਬਿਜਲੀ ਦੇਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੇ ਖਪਤਕਾਰਾਂ ਲਈ ਬੱਚਤ ਦਾ ਰਾਹ ਪੇਸ਼ ਕੀਤਾ ਹੈ ਅਤੇ ਹੁਣ ਹਰ ਘਰ ਆਪਣਾ ਬਿਜਲੀ ਦਾ ਬਿੱਲ ਜ਼ੀਰੋ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਦਫ਼ਤਰਾਂ ਵਿੱਚ ਸਮੇਂ ਦੀ ਬਾਕਾਇਦਗੀ ਅਤੇ ਕੁਸ਼ਲਤਾ ਨੂੰ ਬਰਕਰਾਰ ਰੱਖਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਅਚਨਚੇਤ ਚੈਕਿੰਗ ਜਾਰੀ ਰਹੇਗੀ।