- 12 ਸਤੰਬਰ ਤੱਕ ਹੋਣਗੇ ਅਥਲੈਟਿਕਸ, ਕਬੱਡੀ, ਖੋ-ਖੋ, ਫੁੱਟਬਾਲ, ਵਾਲੀਬਾਲ ਸਮੈਸ਼ਿੰਗ ਤੇ ਵਾਲੀਬਾਲ ਸ਼ੂਟਿੰਗ ਦੇ ਹੋਣਗੇ ਮੁਕਾਬਲੇ
ਕਪੂਰਥਲਾ, 4 ਸਤੰਬਰ 2024 : ਖੇਡਾਂ ਵਤਨ ਪੰਜਾਬ ਦੀਆਂ 2024 ਦੀ ਅੱਜ ਕਪੂਰਥਲਾ ਜਿਲ੍ਹੇ ਵਿਚ ਬਲਾਕ ਪੱਧਰੀ ਮੁਕਾਬਲਿਆਂ ਦੇ ਨਾਲ ਸ਼ੁਰੂ ਹੋ ਗਈਆਂ। ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤਾ ਸਕਲਾਨੀ, ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ ) ਡਾ ਨਯਨ ਜੱਸਲ ਵਲੋਂ ਕਰਵਾਈ ਗਈ। ਉਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕੀਤੀ ਤੇ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਨੂੰ ਪੂਰੀ ਖੇਡ ਭਾਵਨਾ ਨਾਲ ਭਾਗ ਲੈਣ ਦਾ ਸੱਦਾ ਦਿੱਤਾ। ਦੱਸਣਯੋਗ ਹੈ ਕਿ ਇਨ੍ਹਾਂ ਖੇਡਾਂ ਦੀ ਸ਼ੁਰੂਆਤ 29 ਅਗਸਤ ਨੂੰ ਸੰਗਰੂਰ ਤੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਕਰਵਾਈ ਗਈ, ਜਿਸ ਤਹਿਤ ਕਿਸੇ ਵੀ ਉਮਰ ਵਰਗ ਦੇ ਲੋਕ ਇਨ੍ਹਾਂ ਖੇਡਾਂ ਵਿਚ ਭਾਗ ਲੈ ਸਕਦੇ ਹਨ। ਕਪੂਰਥਲਾ ਜਿਲ੍ਹੇ ਵਿਚ ਬਲਾਕ ਪੱਧਰੀ ਮੁਕਾਬਲੇ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਨਡਾਲਾ ਤੇ ਢਿਲਵਾਂ ਵਿਖੇ ਹੋਣਗੇ, ਜੋ ਕਿ 12 ਸਤੰਬਰ ਤੱਕ ਚੱਲਣਗੇ। ਇਨ੍ਹਾਂ ਮੁਕਾਬਲਿਆਂ ਦੇ ਜੇਤੂ ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ ਜੋ ਕਿ 17 ਤੋਂ 22 ਸਤੰਬਰ ਤੱਕ ਹੋਣਗੇ। ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਬਾਸਕਿਟਬਾਲ, ਸ਼ਤਰੰਜ, ਹਾਕੀ, ਕਿਕ ਬਾਕਸਿੰਗ, ਬੈਡਮਿੰਟਲ, ਲਾਅਨ ਟੈਨਿਸ, ਤੈਰਾਕੀ, ਟੇਬਲ ਟੈਨਿਸ, ਪਾਵਰ ਲਿਫਟਿੰਗ, ਵੇਟ ਲਿਫਟਿੰਗ ਤੇ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਜਿਲ੍ਹਾ ਖੇਡ ਅਫਸਰ ਨਵਦੀਪ ਜਿੰਦਲ, ਪ੍ਰਦੀਪ ਕੁਮਾਰ ਹਾਜ਼ਰ ਸਨ। ਕੈਪਸ਼ਨ-ਗੁਰੂ ਨਾਨਕ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤਾ ਸਕਲਾਨੀ, ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ ) ਡਾ ਨਯਨ ਜੱਸਲ ਤੇ ਹੋਰ।