ਪੰਜਾਬ ‘ਚ ਮੌਸਮ ਨੇ ਬਦਲਿਆ ਮਿਜ਼ਾਜ, ਮੀਂਹ ਦਾ ਅਲਰਟ ਜਾਰੀ

ਚੰਡੀਗੜ੍ਹ, 26 ਜੂਨ 2024 : ਪੰਜਾਬ ‘ਚ ਮੌਸਮ ਬਦਲਣ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪੰਜਾਬ ਦੇ ਕਿ ਇਲਾਕਿਆਂ ‘ਚ ਬਦਲ ਛਾਏ ਹੋਏ ਹਨ, ਜਿਸ ਨਾਲ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ: ਪਵਨੀਤ ਕੌਰ ਕਿੰਗਰਾ ਦੇ ਮੁਤਾਬਕ ਪੰਜਾਬ ‘ਚ 27 ਜੂਨ ਤੋਂ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸਦੇ ਨਾਲ ਹੀ ਤਾਪਮਾਨ ਵਿੱਚ ਗਿਰਾਵਟ ਆਉਣ ਵਾਲੀ ਹੈ। ਫਿਲਹਾਲ ਮੌਸਮ ਵਿਭਾਗ ਵਲੋਂ ਗਰਮੀ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 29.4 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 26.7 ਡਿਗਰੀ ਰਿਹਾ। ਮੌਸਮ ਵਿਭਾਗ ਦੀ ਮੁਖੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੈਣ ਵਾਲੇ ਮੀਂਹ ਨੂੰ ਪ੍ਰੀ-ਮਾਨਸੂਨ ਕਿਹਾ ਜਾਂਦਾ ਹੈ। ਇਸਦੇ ਨਾਲ ਹੀ ਪੰਜਾਬ ‘ਚ ਮਾਨਸੂਨ 1 ਜੁਲਾਈ ਨੂੰ ਦਸਤਕ ਦੇਵੇਗਾ। ਮੌਸਮ ਵਿਭਾਗ ਦੀ ਮੁਖੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੌਸਮ (ਬਦਲਣ ਵਾਲਾ ਹੈ, ਇਸ ਲਈ ਬਾਰਿਸ਼ ਤੋਂ ਪਹਿਲਾਂ ਮੂੰਗੀ ਦੀ ਫ਼ਸਲ ਦੀ ਸੰਭਾਲ ਕੀਤੀ ਜਾਵੇ।