ਸੁਨੀਲ ਜਾਖੜ ਨੇ ਨਹੀਂ ਦਿੱਤਾ ਅਸਤੀਫਾ, ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਮਹਿਜ ਅਫਵਾਹਾਂ : ਅਨਿਲ ਸਰੀਨ

ਚੰਡੀਗੜ੍ਹ, 27 ਸਤੰਬਰ 2024 : ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਸੁਰਖੀਆਂ ਵਿੱਚ ਹਨ। ਸੂਬੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਾਖੜ ਦੇ ਅਸਤੀਫੇ ਨੂੰ ਬੀਜੇਪੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪਰ ਇਸ ਵਿਚਾਲੇ ਇਹਨਾਂ ਅਸਤੀਫੇ ਦੀਆਂ ਖਬਰਾਂ ਨੂੰ ਬੀਜੇਪੀ ਵੱਲੋਂ ਝੂਠ ਕਰਾਰ ਦਿੱਤਾ ਗਿਆ ਹੈ। ਬੀਜੇਪੀ ਨੇ ਕਿਹਾ ਹੈ ਕਿ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਮਹਿਜ ਅਫਵਾਹਾਂ ਹਨ। ਪੰਜਾਬ ਭਾਜਪਾ ਦੇ ਆਗੂ ਅਨਿਲ ਸਰੀਨ ਨੇ ਕਿਹਾ ਹੈ ਕਿ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਆਧਾਰਹੀਨ ਹਨ। ਉਹਨਾਂ ਕਿਹਾ ਕਿ ਸੁਨੀਲ ਜਾਖੜ ਅਜੇ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਹਨ ਅਤੇ ਆਪਣਾ ਕੰਮ ਬਾਖੂਬੀ ਕਰ ਰਹੇ ਹਨ। ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਪ੍ਰੋਪੋਗੰਡਾ ਫੈਲਾਇਆ ਜਾ ਰਿਹਾ ਹੈ। ਪਾਰਟੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਸੁਨੀਲ ਜਾਖੜ ਅਜੇ ਵੀ ਆਪਣੇ ਅਹੁਦੇ ਤੇ ਬਣੇ ਹੋਏ ਹਨ। ਬੀਤੇ ਕੁਝ ਦਿਨਾਂ ਤੋਂ ਉਹ ਆਪਣੇ ਕੰਮ ਦੇ ਵਿੱਚ ਰੁੱਝੇ ਰਹੇ ਹਨ। ਇਸ ਲਈ ਉਹ ਮੰਚਾਂ ਤੇ ਘੱਟ ਦਿਖਾਈ ਦਿੱਤੇ ਹਨ। ਇਸ ਦੇ ਚਲਦਿਆਂ ਹੀ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਸ਼ੁਰੂ ਹੋ ਗਈਆਂ ਸਨ। ਉਹਨਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਸੁਨੀਲ ਜਾਖੜ ਅਜੇ ਵੀ ਪਾਰਟੀ ਦੀ ਸੂਬੇ ਵਿੱਚ ਅਗਵਾਈ ਕਰ ਰਹੇ ਹਨ। ਚੋਣਾਂ ਤੋਂ ਬਾਅਦ ਸੁਨੀਲ ਜਾਖੜ ਸਟੇਜ ਤੇ ਸਿਆਸੀ ਇਕੱਠਾਂ ਦੇ ਵਿੱਚ ਬੇਹਦ ਘੱਟ ਦਿਖਾਈ ਦਿੱਤੇ ਹਨ। 3 ਸਤੰਬਰ ਨੂੰ ਚੰਡੀਗੜ੍ਹ ਦੇ ਬੀਜੇਪੀ ਦਫਤਰ ਹੋਈ ਮੀਟਿੰਗ ਦੇ ਵਿੱਚ ਵੀ ਉਹ ਨਜ਼ਰ ਨਹੀਂ ਆਏ। ਇਸ ਤੋਂ ਬਾਅਦ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਜ਼ੋਰ ਫੜਨ ਲੱਗੀਆਂ ਸਨ। ਜਿਸ ਨੂੰ ਲੈ ਕੇ ਹੁਣ ਪਾਰਟੀ ਨੇ ਸਪਸ਼ਟੀਕਰਨ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਆਪਣੇ ਅਹੁਦੇ ‘ਤੇ ਕਾਇਮ ਹਨ ਅਤੇ ਉਹ ਪਾਰਟੀ ਦੀ ਸੂਬੇ ਵਿੱਚ ਅਗਵਾਈ ਕਰ ਰਹੇ ਹਨ। ਉਨਾਂ ਦੇ ਅਸਤੀਫੇ ਦੀਆਂ ਖਬਰਾਂ ਬੇਬੁਨਿਆਦ ਅਤੇ ਝੂਠੀਆਂ ਹਨ।