ਛੁੱਟੀਆਂ ਦੌਰਾਨ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ ਨੂੰ ਵਿਦਿਆਰਥੀਆਂ ਨੇ ਦਿੱਤਾ ਭਰਵਾਂ ਹੁੰਗਾਰਾ: ਹਰਜੋਤ ਬੈਂਸ

  • - 12 ਲੱਖ ਤੋਂ ਵੀ ਵੱਧ ਵਿਦਿਆਰਥੀਆਂ ਨੇ ਆਨਲਾਈਨ ਜਮਾਤਾਂ ਵਿੱਚ ਕੀਤੀ ਸ਼ਮੂਲੀਅਤ
  • - ਰੋਜ਼ਾਨਾ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ਼ ਅਤੇ ਯੂਟਿਊਬ ਚੈਨਲ ਤੋਂ ਹੁੰਦਾ ਸਿੱਧਾ ਪ੍ਰਸਾਰਨ

ਚੰਡੀਗੜ੍ਹ, 15 ਜਨਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਦ ਰੁੱਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੀਤੀ ਗਈ ਛੁੱਟੀਆਂ ਦੌਰਾਨ  ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਵਿਧੀ ਰਾਹੀਂ ਪੜ੍ਹਾਈ ਨਾਲ ਜੋੜ ਕੇ ਰੱਖਿਆ ਗਿਆ । ਸਕੂਲ ਸਿੱਖਿਆ ਵਿਭਾਗ ਦੀ ਇਸ ਪਹਿਲ ਨੂੰ ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਠੰਡ ਵੱਧਣ ਕਾਰਨ ਲਗਾਤਾਰ ਸਕੂਲ ਬੰਦ ਰਹਿਣ ਕਰਕੇ  ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜ ਕੇ ਰੱਖਣ ਵਾਸਤੇ  30 ਦਸੰਬਰ 2022 ਤੋਂ ਆਨਲਾਈਨ ਵਿਧੀ ਰਾਹੀ ਵਿਭਾਗ ਦੇ ਫੇਸਬੁੱਕ ਪੇਜ਼ ਅਤੇ ਯੂਟਿਊਬ ਚੈਨਲ ਤੇ ਲਾਇਵ ਜਮਾਤਾਂ ਲਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਇਸ ਪ੍ਰੋਗਰਾਮ ਨੂੰ ਬੇਮਿਸਾਲ ਹੁੰਗਾਰਾ ਦਿੱਤਾ ਗਿਆ ਅਤੇ ਹੁਣ ਤੱਕ 12 ਲੱਖ ਤੋਂ ਵੀ ਵੱਧ ਵਿਦਿਆਰਥੀ ਇਹ ਲੈਕਚਰ ਦੇਖ ਚੁੱਕੇ ਹਨ। ਬੈਂਸ ਨੇ ਦੱਸਿਆ ਕਿ ਬੋਰਡ ਦੇ ਇਮਤਿਹਾਨਾਂ ਵਾਲੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਪੜ੍ਹਾਈ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਇਹ ਉਪਰਾਲਾ ਕੀਤਾ ਗਿਆ ਸੀ ਜੋ ਪੂਰੀ ਤਰਾਂ ਸਫਲ ਰਿਹਾ। ਸਿੱਖਿਆ ਮੰਤਰੀ  ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਮਾਪਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਅਤੇ ਪ੍ਰੀ-ਬੋਰਡ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦਿਆਂ ਵਿਭਾਗ ਵੱਲੋਂ ਮਾਹਿਰ ਅਧਿਆਪਕਾਂ ਦੀ ਮਦਦ ਨਾਲ ਰੋਜ਼ਾਨਾ ਸਵੇਰ ਅਤੇ ਸ਼ਾਮ ਦੇ ਸੈਸ਼ਨਾਂ ਰਾਹੀਂ ਆਨਲਾਈਨ ਲੈਕਚਰ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਸਕੂਲਾਂ ਦੇ ਅਧਿਆਪਕ ਆਪਣੇ ਪੱਧਰ ‘ਤੇ ਆਪਣੀ ਜਮਾਤ ਨੂੰ ਪੜ੍ਹਾਉਂਦੇ ਸਨ। ਪਰ ਇਸ ਵਾਰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਟੇਟ ਪੱਧਰ ‘ਤੇ ਇਹ ਉਪਰਾਲਾ ਕੀਤਾ ਜਾ ਗਿਆ ਹੈ ਜਿਸਦੇ ਤਹਿਤ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕਰਕੇ ਸੋਸ਼ਲ਼ ਮੀਡੀਆ ਦੇ ਪ੍ਰਭਾਵਸ਼ਾਲੀ ਪਲੇਟਫਾਰਮਾਂ ਰਾਹੀਂ ਇਸ ਨੂੰ ਰਿਲੇਅ ਕੀਤਾ ਜਾ ਰਿਹਾ ਹੈ।