ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਾਰਟੀ ਦੀ ਮਜ਼ਬੂਤੀ ਵਾਸਤੇ ਬੁੱਧੀਜੀਵੀਆਂ ਤੇ ਚਿੰਤਕਾਂ ਤੋਂ ਲੈਣਗੇ ਰਾਏ 

ਚੰਡੀਗੜ੍ਹ, 14 ਜੂਨ 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਰੇ ਚਿੰਤਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਖਾਸ ਤੌਰ ’ਤੇ ਪੰਥਕ ਝੁਕਾਅ ਰੱਖਣ ਵਾਲਿਆਂ (ਆਲੋਚਕਾਂ ਸਮੇਤ) ਤੋਂ ਰਾਇ ਲੈਣਗੇ ਤਾਂ ਪਾਰਟੀ ਦੇ 104 ਸਾਲਾ ਅਮੀਰ ਵਿਰਸੇ ਦੀ ਰੋਸ਼ਨੀ ਵਿਚ ਇਸਦੀ ਸੋਚ ਤੇ ਭਵਿੱਖੀ ਟੀਚਿਆਂ ਅਨੁਸਾਰ ਸੁਧਾਰ ਕੀਤੇ ਜਾ ਸਕਣ। ਸੁਖਬੀਰ ਸਿੰਘ ਬਾਦਲ ਆਉਂਦੇ ਹਫਤਿਆਂ ਵਿਚ ਇਸ ਮਾਮਲੇ ਵਿਚ ਸਮੂਹਿਕ ਅਤੇ ਵਿਅਕਤੀਗਤ ਤੌਰ ’ਤੇ ਮੁਲਾਕਾਤਾਂ ਕਰ ਕੇ ਨਿੱਜੀ ਰਾਇ ਲੈਣਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਕ ਬਿਆਨ ਵਿਚ ਦੱਸਿਆ ਕਿ ਸਰਦਾਰ ਬਾਦਲ ਪਾਰਟੀ ਦੇ ਅਮੀਰ ਵਿਰਸੇ ਤੇ ਪੰਥ, ਪੰਜਾਬ ਤੇ ਪਾਰਟੀ ਦੇ ਭਵਿੱਖ ਦਰਮਿਆਨ ਅਨਿਖੜਵੇਂ ਲਿੰਕ ਨੂੰ ਮਜ਼ਬੂਤ ਕਰਨ ਦੇ ਇੱਛੁਕ ਹਨ ਤਾਂ ਜੋ ਪਾਰਟੀ ਗਰੀਬਾਂ, ਦਬੇ ਕੁਚਲਿਆਂ ਤੇ ਸਮਾਜ ਦੇ ਅਣਗੌਲੇ ਗਏ ਵਰਗ ਵਾਸਤੇ ਸਾਡੇ ਮਹਾਨ ਗੁਰੂ ਸਾਹਿਬਾਨ,ਸੰਤਾਂ ਤੇ ਮਹਾਂਪੁਰਖਾਂ ਵੱਲੋਂ ਦਰਸਾਏ ਮਾਰਗ ਅਨੁਸਾਰ ਕੰਮ ਕਰ ਸਕੇ।