ਪਿੰਡ ਸਤੌਜ 'ਚ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ

ਚੰਡੀਗੜ੍ਹ, 7 ਅਕਤੂਬਰ 2024: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਹੈ, ਨੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਹੈ। ਹਰਬੰਸ ਸਿੰਘ ਹੈਪੀ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ ਹੈ। ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਲਈ, ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਿਹੜੀਆਂ ਪੰਚਾਇਤਾਂ ਸਹਿਮਤੀ ਨਾਲ ਬਣਨਗੀਆਂ, ਉਹਨਾਂ ਨੂੰ ਰਾਜ ਸਰਕਾਰ ਵਲੋਂ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਆਪਣੇ ਪਿੰਡ ਸਤੌਜ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸਰਪੰਚ ਦੀ ਚੋਣ ਲਈ ਸਰਬਸੰਮਤੀ ਨਾਲ ਪੰਚਾਇਤ ਚੁਣਨ ਦੀ ਅਪੀਲ ਕੀਤੀ ਸੀ। ਮਾਨ ਦੀ ਅਪੀਲ ਦਾ ਅਸਰ ਇਹ ਹੋਇਆ ਕਿ ਦੋ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਇਸ ਤਰ੍ਹਾਂ ਪਿੰਡ ਸਤੌਜ ਨੇ ਸਰਬਸੰਮਤੀ ਦੇ ਜ਼ਰੀਏ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਬਣਾਇਆ। ਮੁੱਖ ਮੰਤਰੀ ਵੱਲੋਂ ਕੀਤੀ ਅਪੀਲ ਨੇ ਲੋਕਾਂ ਵਿੱਚ ਸਹਿਯੋਗ ਅਤੇ ਇਕਜੁਟਤਾ ਨੂੰ ਉਤਸ਼ਾਹਿਤ ਕੀਤਾ।