ਰਾਜਾ ਵੜਿੰਗ ਨੇ ਸੰਸਦ ਦੇ ਵਿੱਚ ਮੂਸੇਵਾਲੇ ਦੇ ਕਤਲ ਦਾ ਚੁੱਕਿਆ ਮੁੱਦਾ, ਪਿਤਾ ਬਲਕੌਰ ਸਿੰਘ ਨੇ ਕੀਤਾ ਧੰਨਵਾਦ

ਚੰਡੀਗੜ੍ਹ 2 ਜੁਲਾਈ 2024 : ਲੁਧਿਆਣਾ ਤੋਂ ਲੋਕ ਸਭਾ ਦੇ ਸਾਂਸਦ ਰਾਜਾ ਵੜਿੰਗ ਵੱਲੋਂ ਸਦਨ ਵਿੱਚ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਮੁੱਦਾ ਚੁੱਕਿਆ ਗਿਆ। ਇਸਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਰਾਜਾ ਵੜਿੰਗ ਦਾ ਧੰਨਵਾਦ ਕੀਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ, ਮੇਰੇ ਮਨ ਨੂੰ ਸ਼ਾਂਤੀ ਮਿਲੀ ਹੈ ਅਤੇ ਮੈਨੂੰ ਉਮੀਦ ਹੈ ਕਿ ਨਿਆ ਜਰੂਰ ਮਿਲੇਗਾ। ਜ਼ਿਕਰਯੋਗ ਹੈ ਕਿ, ਰਾਜਾ ਵੜਿੰਗ ਨੇ ਸੰਸਦ ਦੇ ਵਿੱਚ ਮੂਸੇਵਾਲੇ ਦੇ ਕਤਲ ਦਾ ਮੁੱਦਾ ਚੁੱਕਦਿਆਂ ਇਹ ਗੱਲ ਕਹੀ ਸੀ ਕਿ, ਪਰਿਵਾਰ ਨੂੰ ਅਜੇ ਵੀ ਇਨਸਾਫ ਨਹੀਂ ਮਿਲਿਆ ਅਤੇ ਅਜੇ ਵੀ ਧਮਕੀਆਂ ਮਿਲ ਰਹੀਆਂ ਹਨ। ਵੜਿੰਗ ਨੇ ਸੰਸਦ ਵਿੱਚ ਕਿਹਾ ਕਿ, ਸਿੱਧੂ ਮੂਸੇਵਾਲਾ ਪੰਜਾਬ ਦੇ ਮੰਨੇ ਪਰਮੰਨੇ ਕਲਾਕਾਰ ਸਨ। ਉਹਨਾਂ ਨੂੰ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਵਿੱਚ ਸੁਣਿਆ ਜਾਂਦਾ ਸੀ। ਵੜਿੰਗ ਨੇ ਕਿਹਾ ਕਿ, ਤਿਹਾੜ ਜੇਲ ਦੇ ਵਿੱਚ ਬੈਠੇ ਗੈਂਗਸਟਰ ਸ਼ਰੇਆਮ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਕਬੂਲ ਕਰ ਰਹੇ ਹਨ। ਫਿਰ ਵੀ ਉਸਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ। ਉਹਨਾਂ ਇਲਜ਼ਾਮ ਲਗਾਇਆ ਕਿ ਗੈਂਗਸਟਰਾਂ ਨੂੰ ਜੇਲਾਂ ਦੇ ਵਿੱਚ ਪਾਲਿਆ ਜਾ ਰਿਹਾ ਹੈ।