
ਚੰਡੀਗੜ੍ਹ, 3 ਮਾਰਚ 2025 : ਪੰਜਾਬ ਵਿੱਚ ਅੱਜ ਫਿਰ ਤੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ ਹਫਤੇ ਹੋਈ ਗੜੇਮਾਰੀ ਨਾਲ ਪੰਜਾਬ 'ਚ ਇਕ ਵਾਰ ਫਿਰ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ ਹਨ। ਹਾਲਾਂਕਿ 2 ਦਿਨਾਂ ਤੋਂ ਜ਼ਿਆਦਾਤਰ ਇਲਾਕਿਆਂ 'ਚ ਧੁੱਪ ਨਿਕਲਣ ਨਾਲ ਮੌਸਮ ਤੋਂ ਕੁਝ ਰਾਹਤ ਮਿਲੀ ਸੀ, ਪਰ ਹੁਣ ਮੌਸਮ ਵਿਭਾਗ ਨੇ ਇਕ ਵਾਰ ਫਿਰ ਗੜੇਮਾਰੀ ਦੀ ਸੰਭਾਵਨਾ ਜਤਾਈ ਹੈ। ਭਾਰਤੀ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ 4 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਅਤੇ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸ਼ਾਮ ਨੂੰ ਮੌਸਮ ਦੇ ਮੁੜ ਬਦਲਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਕੇਂਦਰ ਅਨੁਸਾਰ ਇਸ ਸਮੇਂ ਇੱਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਵਿਭਾਗ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ ਹਨੇਰੀ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਐੱਸ.ਏ.ਐੱਸ. ਨਗਰ (ਮੁਹਾਲੀ), ਫ਼ਿਰੋਜ਼ਪੁਰ ਅਤੇ ਮੋਗਾ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਮੀਂਹ ਦਾ ਸਭ ਤੋਂ ਵੱਧ ਅਸਰ ਮਾਝੇ ਵਿੱਚ ਦੇਖਣ ਨੂੰ ਮਿਲੇਗਾ। ਦੋਆਬੇ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਮਾਲਵੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਥੋੜੀ ਹੋਰ ਗਿਰਾਵਟ ਆ ਸਕਦੀ ਹੈ। ਅੱਜ ਤੋਂ ਇਲਾਵਾ ਇਸ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਹਾਲਾਂਕਿ ਵਿਭਾਗ ਨੇ ਇਹ ਵੀ ਕਿਹਾ ਹੈ ਕਿ 4 ਅਤੇ 5 ਮਾਰਚ ਨੂੰ ਤੂਫਾਨ ਆਵੇਗਾ।