ਪੰਜਾਬ ਪੁਲਿਸ ਵੱਲੋਂ ਗੰਨ ਕਲਚਰ ਤੇ ਸਖ਼ਤੀ, 900 ਲਾਇਸੈਂਸ ਰੱਦ ਅਤੇ 300 ਤੋਂ ਵੱਧ ਸਸਪੈਂਡ

ਚੰਡੀਗੜ੍ਹ : ਪੰਜਾਬ ਵਿੱਚ ਗੰਨ ਕਲਚਰ ਨੂੰ ਖ਼ਤਮ ਕਰਨ ਦੇ ਲਈ ਪੰਜਾਬ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਵੱਲੋਂ ਹਥਿਆਰਾਂ ਦੀ ਸਮੀਖਿਆ ਕੀਤੇ ਜਾਣ ਦੇ ਆਦੇਸ਼ਾਂ ਦੇ 9 ਦਿਨਾਂ ਬਾਅਦ ਸੂਬੇ ਵਿੱਚ ਹੁਣ ਤੱਕ 897 ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ, ਜਦਕਿ 324 ਦੇ ਕਰੀਬ ਲਾਇਸੈਂਸ ਸਸਪੈਂਡ ਕੀਤੇ ਗਏ ਹਨ । ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਜਲਦੀ ਹੀ ਜਵਾਬ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਲੋਕਾਂ ਦੇ ਲਾਇਸੈਂਸ ਰੱਦ ਜਾਂ ਸਸਪੈਂਡ ਹੋਏ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਨੇ ਹਥਿਆਰ ਲੈਣ ਲਈ ਫਰਜ਼ੀ ਪਤੇ ਲਿਖਵਾਏ ਸਨ । ਉਨ੍ਹਾਂ ਵਿੱਚ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਨਿਯਮਾਂ ਵਿੱਚ ਹੋਏ ਸੋਧ ਤੋਂ ਬਾਅਦ ਆਪਣੇ ਹਥਿਆਰ ਸਰੈਂਡਰ ਨਹੀਂ ਕੀਤੇ ਸਨ । ਹਥਿਆਰਾਂ ਦੇ ਲਾਇਸੈਂਸ ਲਈ ਨਿਯਮ ਬਦਲ ਚੁੱਕੇ ਹਨ । ਇੱਕ ਲਾਇਸੈਂਸ ਧਾਰਕ ਸਿਰਫ਼ ਦੋ ਹੀ ਹਥਿਆਰ ਰੱਖ ਸਕਦਾ ਹੈ, ਪਰ ਕੁਝ ਲੋਕਾਂ ਨੇ ਅਜੇ ਤੱਕ 3-3 ਹਥਿਆਰ ਰੱਖੇ ਹੋਏ ਹਨ। ਅਜਿਹੇ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਪਟਿਆਲਾ ਵਿੱਚ 274 ਅਤੇ ਨਵਾਂਸ਼ਹਿਰ ਵਿੱਚ 50 ਲਾਇਸੈਂਸ ਸਸਪੈਂਡ ਕੀਤੇ ਜਾ ਚੁੱਕੇ ਹਨ। ਸਮੀਖਿਆ ਮੁਹਿੰਮ ਦੀ ਅਗਵਾਈ ਸਾਰੇ ਰੇਂਜ ਦੇ ਆਈ. ਜੀ. ਅਤੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਖ਼ੁਦ ਸੰਭਾਲ ਰਹੇ ਹਨ । ਇਸ ਦੇ ਨਾਲ ਹੀ ਇਸ ਸਬੰਧੀ ਰੋਜ਼ਾਨਾ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ । ਲੋਕਾਂ ਨੂੰ ਵੀ ਜਾਂਚ ਵਿੱਚ ਸਹਿਯੋਗ ਦੀ ਅਪੀਲ ਕੀਤੀ ਗਈ ਹੈ । ਇਸ ਬਾਰੇ DGP ਗੌਰਵ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਗੰਨ ਕਲਚਰ ‘ਤੇ ਲਗਾਮ ਲਗਾਉਣ ਲਈ ਸਖ਼ਤ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਕਿਸੇ ਨੂੰ ਵੀ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਗੰਨ ਕਲਚਰ ਤੇਜ਼ੀ ਨਾਲ ਵਧਿਆ ਹੈ। ਪੰਜਾਬ ਵਿੱਚ ਭਾਰਤ ਦੀ 2 ਫ਼ੀਸਦੀ ਆਬਾਦੀ ਰਹਿੰਦੀ ਹੈ, ਪਰ ਇੱਥੇ ਦੇਸ਼ ਦੀ 10 ਫ਼ੀਸਦੀ ਬੰਦੂਕਾਂ ਹਨ। ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਜਨਵਰੀ 2022 ਤੱਕ ਪੰਜਾਬ ਵਿੱਚ 3.90 ਲੱਖ ਤੋਂ ਜ਼ਿਆਦਾ ਲਾਇਸੈਂਸੀ ਬੰਦੂਕਾਂ ਹਨ।