ਬੀਜੇਪੀ ਸਰਕਾਰ ਦੇ ਖਿਲਾਫ਼ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਵਲੋਂ ਪ੍ਰਦਰਸ਼ਨ

ਚੰਡੀਗੜ੍ਹ, 19 ਜੂਨ 2024 : 4 ਜੂਨ ਨੂੰ ਐਨਈਈਟੀ (ਯੂਜੀ) 2024 ਦੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵਲੋਂ ਐਲਾਨੇ ਗਏ ਨਤੀਜਿਆਂ ਵਿੱਚ ਹੋਏ ਘੁਟਾਲੇ ਦੇ ਖਿਲਾਫ਼ ਪੂਰੇ ਦੇਸ਼ ਅੰਦਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੀਜੇਪੀ ਸਰਕਾਰ ਦੇ ਖਿਲਾਫ਼ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ (ਆਪ) ਵਲੋਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਦੀ ਅਗਵਾਈ ਵਿੱਚ ਗਵਰਨਰ ਹਾਊਸ ਦੇ ਨੇੜੇ ਸੈਕਟਰ 7 ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਪ ਪੰਜਾਬ ਦੇ ਸੂਬਾ ਸਕੱਤਰ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਖਿੰਡਾ, ਆਪ ਚੰਡੀਗੜ੍ਹ ਦੇ ਸੀਨੀਅਰ ਆਗੂ ਪ੍ਰੇਮ ਗਰਗ, ਚੰਦਰਮੁਖੀ ਸ਼ਰਮਾਂ, ਡਾ. ਹਰਮੀਤ ਸਿੰਘ, ਅਮਿਤ ਜੈਨ, ਵਿਜੇ ਪਾਲ, ਮੇਅਰ ਕੁਲਦੀਪ ਕੁਮਾਰ, ਕੌਂਸਲਰ ਦਮਨਪ੍ਰੀਤ ਸਿੰਘ, ਯੋਗੇਸ਼ ਢੀਂਗਰਾ, ਹਰਦੀਪ ਸਿੰਘ ਬੁਟੇਰਲਾ, ਅੰਜੂ ਕਟਿਆਲ, ਮਨੋਵਰ, ਰਾਮਚੰਦਰ ਯਾਦਵ, ਆਪ ਆਗੂ ਰਵੀ ਮਣੀ, ਕਰਮਜੀਤ ਚੌਹਾਨ, ਨਰਿੰਦਰ ਭਾਟੀਆ, ਮਨਦੀਪ ਕਾਲਰਾ, ਰਜਿੰਦਰ ਹਿੰਦੂਸਤਾਨ, ਦਿਨੇਸ਼ ਪਾਸਵਾਨ, ਰਾਜੇਸ਼ ਚੌਧਰੀ, ਮਨੀਸ਼ ਤਿਵਾੜੀ, ਮੇਵਾ ਰਾਮ ਦਿਲੇਰੇ, ਸੁਦੇਸ਼ ਖੁਰਚਾ, ਸੁਨੀਲ ਸੇਹਰਾ, ਸ਼ਕੀਲ ਮੁਹੰਮਦ, ਕਾਂਤਾ ਧਮੀਜਾ, ਜਰਨੈਲ ਸਿੰਘ, ਜੱਸੀ ਲੁਬਾਣਾ, ਵਿਕਰਾਂਤ ਤੰਵਰ, ਦਿਨੇਸ਼ ਦਿਲੇਰੇ, ਦੇਸ਼ਰਾਜ ਸਨਾਵਰ, ਵਿਜੇ, ਸਿਮਰਨਜੀਤ ਸਿੰਘ, ਅਜੀਤ ਸਿੰਘ, ਬਜਰੰਗ ਗਰਗ, ਸੋਹਨ ਸਿੰਘ, ਰੁਲਦਾ ਸਿੰਘ, ਲਲਿਤ ਮੋਹਨ ਅਤੇ ਆਪ ਦੇ ਹੋਰ ਆਗੂਆਂ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਰਾਜ ਵਿੱਚ ਹੋ ਰਹੇ ਘੁਟਾਲੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਾਹਮਣੇ ਆ ਰਹੇ ਹਨ। ਬੀਤੇ ਦਿਨ ਨੀਟ ਦੇ ਨਤੀਜਿਆਂ ਵਿੱਚ ਜੋ ਗੜਬੜੀਆਂ ਸਾਹਮਣੇ ਆਈਆਂ ਹਨ, ਉਸਦੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਗਿਆ ਹੈ। ਸਾਰੀਆਂ ਗੜਬੜੀਆਂ ਸਾਹਮਣੇ ਆਉਣ ਦੇ ਬਾਵਜੂਦ ਵੀ ਬੀਜੇਪੀ ਵਲੋਂ ਇਸ ਨੂੰ ਦਬਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਉਤੇ ਕਾਰਵਾਈ ਹੋਣ ਤੋਂ ਉਨ੍ਹਾਂ ਨੂੰ ਬਚਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ। ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਕਿਹਾ ਕਿ ਨੀਟ ਦੇ ਨਤੀਜੇ ਐਲਾਨੇ ਨੂੰ 14 ਦਿਨ ਬੀਤੇ ਚੁੱਕੇ ਹਨ। ਜਿਨ੍ਹਾਂ ਲੋਕਾਂ ਨੇ ਨੀਟ ਵਿੱਚ ਘੁਟਾਲਾ ਕਰਕੇ ਨਤੀਜਿਆਂ ਨੂੰ ਆਪਣੇ ਮੁਤਾਬਕ ਬਦਲਿਆ ਹੈ, ਉਨ੍ਹਾਂ ਖਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਮੰਨ ਚੁੱਕੇ ਹਨ, ਕਿ ਨੀਟ ਵਿੱਚ ਗੜਬੜੀ ਹੋਈ ਹੈ। ਬਿਹਾਰ ਪੁਲਿਸ ਨੇ ਨੀਟ ਵਿੱਚ ਗੜਬੜੀ ਦੇ ਸਬੂਤ ਦਿੱਤੇ ਹਨ, ਪਰ ਬੀਜੇਪੀ ਸਰਕਾਰ ਵਲੋਂ ਇਸ ਉਤੇ ਹਾਲੇ ਕੋਈ ਕਾਰਵਾਈ ਨਹੀਂ ਕੀਤੀ ਗਈ। ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਚੰਡੀਗੜ੍ਹ ਵਿੱਚ ਪੰਜਾਬ ਦੇ ਗਵਰਨਰ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਜੀ ਨੂੰ ਨੀਟ ਵਿੱਚ ਘੁਟਾਲਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਵਾਉਣ ਦੇ ਲਈ ਮਾਣਯੋਗ ਰਾਸ਼ਟਰਪਤੀ ਜੀ ਦੇ ਨਾਮ ਮੈਮੋਰੰਡਮ ਦੇਣਾ ਸੀ, ਜਿਸ ਦੇ ਸਬੰਧ ਵਿੱਚ ਸੈਕਟਰ 7, ਚੰਡੀਗੜ੍ਹ ਵਿੱਚ ਆਪ ਪਾਰਟੀ ਦੇ ਵਰਕਰ ਇਕੱਠੇ ਹੋਏ ਸਨ। ਚੰਡੀਗੜ੍ਹ ਪੁਲਿਸ ਵਲੋਂ ਸਾਨੂੰ ਗਵਰਨਰ ਨੂੰ ਮੈਮੋਰੰਡਮ ਦੇਣ ਤੋਂ ਪਹਿਲਾਂ ਹੀ ਜਬਰਦਸਤੀ ਖਿੱਚ–ਧੂਹ ਕਰਕੇ ਬੱਸਾਂ ਵਿੱਚ ਬਿਠਾ ਕੇ ਫੇਸ 1, ਇੰਡਸਟਰੀਅਲ ਏਰੀਆ ਦੇ ਪੁਲਿਸ ਥਾਣੇ ਬੰਦ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਇਸ ਤਰ੍ਹਾਂ ਖਿਲਵਾੜ ਨਹੀਂ ਹੋਣ ਦੇਵੇਗੀ। ਜੇਕਰ ਬੀਜੇਪੀ ਸਰਕਾਰ ਵਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੀਖਾ ਕੀਤਾ ਜਾਵੇਗਾ ਅਤੇ ਲੱਖਾਂ ਵਿਦਿਆਰਥੀਆਂ ਨੂੰ ਇਨਸਾਫ਼ ਦਵਾਇਆ ਜਾਵੇਗਾ।