ਜਨਤਕ ਖੱਡਾਂ ਚਾਲੂ ਹੋਣ ਨਾਲ ਰੇਤੇ ਨਾਲ ਜੁੜਿਆ ਪਰਚੀ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਰਾਜਨੀਤਕ ਮਾਫੀਆ ਹੋਵੇਗਾ ਬੰਦ: ਕੰਗ

ਚੰਡੀਗੜ੍ਹ, 06 ਫਰਵਰੀ : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਲੋਕਾਂ ਨੂੰ ਵਾਜਬ ਕੀਮਤਾਂ 'ਤੇ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਦਿੱਤੀ ਅਰਵਿੰਦ ਕੇਜਰੀਵਾਲ ਜੀ ਦੀ ਗਰੰਟੀ ਅਨੁਸਾਰ ਪੂਰਾ ਸਿਸਟਮ ਪਾਰਦਰਸ਼ੀ ਕਰ ਦਿੱਤਾ ਗਿਆ ਹੈ। ਰੇਤ ਤੋਂ ਆਉਣ ਵਾਲਾ ਪੈਸਾ ਕਿਸੇ ਮਾਫੀਆ ਦੀ ਜੇਬ ਵਿੱਚ ਜਾਣ ਦੀ ਬਿਜਾਏ ਹੁਣ ਸਰਕਾਰੀ ਖਜ਼ਾਨੇ ਵਿਚ ਜਾਵੇਗਾ ਅਤੇ ਲੋਕ ਭਲਾਈ ਦੇ ਕੰਮਾਂ 'ਤੇ ਖਰਚਿਆਂ ਜਾਵੇਗਾ। ਸੋਮਵਾਰ ਨੂੰ ਮੁੱਖ ਦਫ਼ਤਰ ਤੋਂ, ਪਾਰਟੀ ਬੁਲਾਰਿਆਂ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਗਗਨਦੀਪ ਸਿੰਘ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ'ਪੰਜਾਬ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਨਤਕ ਖੱਡਾਂ ਚਾਲੂ ਹੋਣ ਨਾਲ ਰੇਤੇ ਨਾਲ ਜੁੜਿਆ ਪਰਚੀ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਰਾਜਨੀਤਕ ਮਾਫੀਆ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਲੋਕਾਂ ਨੂੰ ਰੇਤਾ ਸੋਨੇ ਦੇ ਭਾਅ ਮਿਲਦਾ ਸੀ ਅਤੇ ਮਾਫੀਆ ਦੇ ਘਰ ਭਰ ਰਹੇ ਸਨ। ਪਰ ਹੁਣ ਆਮ ਲੋਕਾਂ ਨੂੰ ਇਨ੍ਹਾਂ ਖੱਡਾਂ ਤੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਰੇਤਾ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਸਹੀ ਰੇਟ ਨਾਲ ਮਿਲੇਗਾ। ਕੰਗ ਨੇ ਕਿਹਾ ਕਿ ਪਹਿਲਾਂ ਇਹ ਪੈਸਾ ਪਰਚੀ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਰੇਤੇ ਨਾਲ ਜੁੜੇ ਰਾਜਨੀਤਕ ਮਾਫ਼ੀਏ ਦੀਆਂ ਜੇਬਾਂ ਵਿੱਚ ਜਾਂਦਾ ਸੀ ਪਰ ਹੁਣ ਇਹ ਸਰਕਾਰੀ ਖਜ਼ਾਨੇ ਵਿਚ ਜਾਵੇਗਾ ਜਿੱਥੋਂ ਇਸ ਨੂੰ ਸਿਰਫ਼ ਆਮ ਲੋਕਾਂ ਨੂੰ ਸਹੂਲਤਾਂ ਦੇਣ ਅਤੇ ਲੋਕ ਭਲਾਈ ਦੇ ਕੰਮਾਂ 'ਤੇ ਲਗਾਇਆ ਜਾਵੇਗਾ। ਸਰਕਾਰੀ ਖਜ਼ਾਨੇ ਨੂੰ ਕੁੰਡੀ ਲਾ ਕੇ ਰੇਤੇ ਤੋਂ ਗ਼ਲਤ ਤਰੀਕੇ ਨਾਲ ਪੈਸਾ ਇਕੱਠਾ ਕਰਕੇ ਰਾਜਨੀਤਕ ਲੋਕ ਇਸ ਪੈਸੇ ਦੀ ਚੋਣਾਂ ਆਦਿ ਵਿੱਚ ਦੁਰਵਰਤੋਂ ਕਰਦੇ ਸਨ ਅਤੇ ਹੁਣ ਇਸ 'ਤੇ ਵੀ ਰੋਕ ਲੱਗੇਗੀ। ਕੰਗ ਨੇ ਅੱਗੇ ਕਿਹਾ ਕਿ ਰੇਤਾ ਖ਼ਰੀਦਣ ਦੀ ਪੂਰੀ ਪ੍ਰਕਿਰਿਆ ਨੂੰ ਆਮ ਲੋਕਾਂ ਲਈ ਸਰਲ ਕੀਤਾ ਗਿਆ ਹੈ ਅਤੇ ਜਲਦ ਹੀ ਇੱਕ ਮੋਬਾਇਲ ਐਪਲੀਕੇਸ਼ਨ ਵੀ ਲਾਂਚ ਕੀਤੀ ਜਾਵੇਗੀ ਤਾਂ ਜੋ ਲੋਕ ਉੱਥੋਂ ਰੇਤੇ ਸੰਬੰਧੀ ਜਾਣਕਾਰੀ ਅਤੇ ਪਰਚੀ ਲੈ ਸਕਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਐਨਾ ਵੱਡਾ ਬਹੁਮਤ ਦਿੱਤਾ ਉਸ 'ਤੇ ਪਾਰਟੀ ਖਰੀ ਉਤਰ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਕੰਮ ਜਾਰੀ ਰਹਿਣਗੇ।