ਆਜ਼ਾਦੀ ਦੇ ਸੰਘਰਸ਼ ਵਿੱਚ ਪੱਤਰਕਾਰਾਂ ਦਾ ਅਹਿਮ ਯੋਗਦਾਨ: ਬਨਵਾਰੀ ਲਾਲ ਪੁਰੋਹਿਤ

ਚੰਡੀਗੜ੍ਹ : ਪੰਜਾਬ ਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਅਤੇ ਚੰਡੀਗਡ਼੍ਹ ਤੇ ਹਰਿਆਣਾ ਜਰਲਿਸਟ ਯੂਨੀਅਨ ਵੱਲੋਂ ਰਾਜਧਾਨੀ ਚੰਡੀਗਡ਼੍ਹ ਵਿਖੇ ਕੌਮੀ ਪ੍ਰੈੱਸ ਦਿਹਾਡ਼ਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਪਹੁੰਚੇ। ਸ੍ਰੀ ਪੁਰੋਹਿਤ ਨੇ ਪੱਤਰਕਾਰਾਂ ਨੂੰ ਕੌਮੀ ਪ੍ਰੈੱਸ ਦਿਹਾਡ਼ੇ ਦੀ ਵਧਾਈ ਦਿੰਦਿਆ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਪੱਤਰਕਾਰਾਂ ਦੀ ਅਹਿਮ ਭੂਮਿਕਾ ਰਹੀ ਹੈ, ਜਿਨ੍ਹਾਂ ਨੇ ਬਿਨਾਂ ਕਿਸੇ ਡਰ ਤੋਂ ਅੰਗ੍ਰੇਜ਼ਾ ਦੇ ਖ਼ਿਲਾਫ਼ ਮੁਹਿੰਮ ਵਿੱਢੀ ਅਤੇ ਉਸੇ ਮੁਹਿੰਮ ਦੇ ਚਲਦਿਆਂ ਹੀ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਮਿਲ ਸਕੀ ਹੈ। ਰਾਜਪਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵੀ ਪੱਤਰਕਾਰਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਨਿਰਪੱਖ ਪੱਤਰਕਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦਾ ਕੰਮ ਸੱਚਾਈ ਨੂੰ ਸਭ ਦੇ ਸਾਹਮਣੇ ਲਿਆਉਂਣਾ ਹੈ ਅਤੇ ਸੱਚਾਈ ’ਤੇ ਰਾਹ ’ਤੇ ਚੱਲਣ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ ਹੈ। ਸ੍ਰੀ ਪੁਰੋਹਿਤ ਨੇ ਕੌਮੀ ਪ੍ਰੈੱਸ ਦਿਹਾਡ਼ੇ ’ਤੇ ਪੱਤਰਕਾਰਾਂ ਨੂੰ ਰਾਸ਼ਟਰਭਗਤੀ ਪੈਦਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਪੱਧਰ ਦੇ ਕਈ ਅਖਬਾਰ ਜਾਂ ਰਸਾਲੇ ਭਾਰਤ ਦੇਸ਼ ਨੂੰ ਨਿਵਾਂ ਦਿਖਾਉਣ ਦੀ ਕੋਸ਼ਿਸ਼ਾਂ ਕਰ ਰਹੀ ਹਨ, ਸਾਨੂੰ ਉਨ੍ਹਾਂ ਨੂੰ ਮੋਡ਼ਵਾਂ ਜਵਾਬ ਦੇਣ ਲਈ ਦੇਸ਼ ਹਿੱਤ ਵਿੱਚ ਬੋਲਣਾ ਚਾਹੀਦਾ ਹੈ। ਦੇਸ਼ ਦੇ ਨਾਮੀ ਪੱਤਰਕਾਰ ਪੀ ਸਾਈਨਾਥ ਨੇ ਕਿਹਾ ਕਿ ਪੱਤਰਕਾਰ ਦਾ ਕੰਮ ਸਰਕਾਰਾਂ ਸਾਹਮਣੇ ਅਸਲ ਸੱਚਾਈ ਨੂੰ ਪੇਸ਼ ਕਰਨਾ ਹੁੰਦਾ ਹੈ, ਨਾ ਕੀ ਦੇਸ਼ ਦੀਆਂ ਕਮੀਆਂ ਨੂੰ ਦੂਰ ਕਰਨਾ ਹੈ। ਜਦੋਂ ਕਿ ਕੇਂਦਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਮੀਡੀਆ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਉਨ੍ਹਾਂ ਕਮੀਆਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਸੱਤਾਧਾਰੀ ਧਿਰ ਵੱਲੋਂ ਹਿੰਦੀ ਭਾਸ਼ਾ ਨੂੰ ਵਾਧੂ ਦੀ ਤਰਜੀਹ ਦਿੰਦੇ ਹੋਏ, ਹਰ ਪਾਸੇ ਹਿੰਦੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਇਕ ਬਰਾਬਰ ਹਨ। ਸਾਰੀਆਂ ਭਾਸ਼ਾਵਾਂ ਨੂੰ ਵੀ ਬਰਾਬਰ ਦਾ ਅਧਿਕਾਰ ਮਿਲਣ ਚਾਹੀਦਾ ਹੈ। ਪੀ ਸਾਈਨਾਥ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਡਾ. ਭੀਮ ਰਾਓ ਅੰਬੇਡਕਰ, ਰਾਜ ਮੋਹਨ ਰਾਏ, ਭਗਤ ਸਿੰਘ ਵਰਗੇ ਸੈਂਕਡ਼ੇ ਲੋਕਾਂ ਨੇ ਦੇਸ਼ ਦੀ ਆਵਾਜ਼ ਬਣਦੇ ਹੋਏ ਪੱਤਰਕਾਰੀ ਕੀਤੀ ਹੈ। ਪਰ ਅੱਜ ਦੇਸ਼ ਦੇ ਮੀਡੀਆ ਘਰਾਣਿਆਂ ’ਤੇ ਕਾਰਪੋਰੇਟਾਂ ਦਾ ਕਬਜ਼ਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਮੀਡੀਆ ਸਰਕਾਰ ਦੀ ਅਸਲ ਕਾਰਗੁਜਾਰੀ ਨੂੰ ਸਭ ਦੇ ਸਾਹਮਣੇ ਨਹੀਂ ਰੱਖ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਫਰੀਡਮ ਇੰਡੈਕਟਸ ਵਿੱਚ ਵੀ ਕਦੇ ਦੇਸ਼ 180 ਦੇਸ਼ਾਂ ਵਿੱਚੋਂ 94ਵੇਂ ਨੰਬਰ ’ਤੇ ਹੁੰਦਾ ਸੀ ਪਰ ਦੇਸ਼ ਵਿੱਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਸਾਲ 2014 ਤੋਂ ਹੀ ਦੇਸ਼ ਵਿੱਚ ਪ੍ਰੈੱਸ ਦੀ ਆਜ਼ਾਦੀ ਖਤਮ ਹੋਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਭਾਰਤ ਦੇਸ਼ 142 ਵੇਂ ਨੰਬਰ ’ਤੇ ਸੀ ਜੋ ਕਿ ਸਾਲ 2022 ਵਿੱਚ 150 ਨੰਬਰ ’ਤੇ ਪਹੁੰਚ ਗਿਆ ਹੈ। ਪੀ ਸਾਈਨਾਥ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੀਡੀਆ ਅਦਾਰਿਆਂ ਵਿੱਚੋਂ ਕਾਰਪੋਰੇਟ ਘਰਾਣਿਆ ਦੀ ਮਨੋਪਲੀ ਤੋਡ਼ਨ ਦੀ ਲੋਡ਼ ਨਹੀਂ ਤਾਂ ਸਾਨੂੰ ਕੋਈ ਆਸ ਨਹੀਂ ਦਿਖਾਈ ਦਿੰਦੀ। ਇਸ ਦੇ ਨਾਲ ਹੀ ਪਬਲਿਕ ਬਰੋਡਕਾਸਟ ਨੂੰ ਤਾਕਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪੱਤਰਕਾਰਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ। ਇਸ ਲਈ ਪੱਤਰਕਾਰ ਜਥੇਬੰਦੀਆਂ ਨੂੰ ਮਜ਼ਬੂਤ ਹੋ ਕੇ ਅੱਗੇ ਆਉਣ ’ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ ਅਤੇ ਪ੍ਰਧਾਨ ਬਲਵੀਰ ਸਿੰਘ ਜੰਡੂ ਨੇ ਦੇਸ਼ ਵਿੱਚ ਮੀਡੀਆ ਕਮਿਸ਼ਨ ਅਤੇ ਜਰਨਲਿਸਟ ਐਕਟ ਬਨਾਉਣ ਦੀ ਮੰਗ ਕੀਤੀ। ਇਸ ਨਾਲ ਪੱਤਰਕਾਰਾਂ ’ਤੇ ਹੋ ਰਹੀ ਧੱਕੇਸ਼ਾਹੀ ਅਤੇ ਪੱਤਰਕਾਰਾਂ ਦੇ ਅਧਿਕਾਰਾਂ ਬਾਰੇ ਸਭ ਕੁਝ ਸਪਸ਼ਟ ਕੀਤਾ ਜਾ ਸਕੇਗਾ। ਇਸ ਨਾਲ ਦੇਸ਼ ਭਰ ਦੇ ਪੱਤਰਕਾਰਾਂ ਨੂੰ ਕਾਨੂੰਨੀ ਸੁਰੱਖਿਆ ਵੀ ਮਿਲ ਸਕੇਗੀ। ਇਸ ਤੋਂ ਪਹਿਲਾਂ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸ ਯੂਨੀਅਨ ਦੇ ਚੰਡੀਗਡ਼੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿਬਡ਼, ਜਗਤਾਰ ਸਿੰਘ ਭੁੱਲਰ, ਤਰਲੋਚਨ ਸਿੰਘ, ਡਾ. ਪਿਆਰਾ ਲਾਲ ਗਰਗ, ਬਿੰਦੂ ਸਿੰਘ, ਬਲਵੰਤ ਤਕਸ਼ਕ, ਰਾਮ ਸਿੰਘ ਬਰਾਡ਼ ਸਣੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਮੰਚ ਸੰਚਾਲਨ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨਿਅਨ ਦੇ ਜਨਰਲ ਸਕੱਤਰ ਪਾਲ ਸਿੰਘ ਨੌਲੀ ਨੇ ਕੀਤਾ। ਇਸ ਮੌਕੇ ਪੱਤਰਕਾਰਾਂ ਦੀ ਜਥੇਬੰਦੀ ਨੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੂੰ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਮੰਗ ਪੱਤਰ ਦਿੱਤਾ। ਰਾਜਪਾਲ ਨੇ ਪੱਤਰਕਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਬੰਧਿਤ ਵਿਭਾਗ ਨੂੰ ਆਦੇਸ਼ ਦੇਣ ਦਾ ਭਰੋਸਾ ਦਿਵਾਇਆ।