ਨਵੇਂ ਵਿਦਿਆਰਥੀਆਂ ਲਈ ਸੀ.ਜੀ.ਸੀ ਲਾਂਡਰਾ ਵਿਖੇ ਫਰੈਸ਼ਰ ਪਾਰਟੀ ਕਰਾਈ ਗਈ

ਚੰਡੀਗੜ੍ਹ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ.ਜੀ.ਸੀ) ਲਾਂਡਰਾਂ ਵੱਲੋਂ ਆਪਣੇ ਨਵੇਂ ਵਿਦਿਆਰਥੀਆਂ ਦੇ ਨਿੱਘੇ ਸੁਆਗਤ ਲਈ ਸ਼ਾਨਦਾਰ ਫਰੈਸ਼ਰ ਪਾਰਟੀ 'ਜਸ਼ਨ–2022' ਦਾ ਆਯੋਜਨ ਕਰਵਾਇਆ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਮਿਸ ਅਤੇ ਮਿਸਟਰ ਫਰੈਸ਼ਰ 2022 ਸਬੰਧੀ ਮੁਕਾਬਲਾ ਬੇਹੱਦ ਦਿਲਚਸਪ ਰਿਹਾ।ਸੀਬੀਐਸਏ, ਸੀਜੀਸੀ ਲਾਂਡਰਾਂ ਦੀ ਕਾਜਲ ਨੂੰ ਮਿਸ ਫਰੈਸ਼ਰ 2022 ਦਾ ਤਾਜ ਦਿੱਤਾ ਗਿਆ ਜਦ ਕਿ ਜ਼ੋਰਾਵਰ ਸਿੰਘ, ਸੀਈਸੀ, ਸੀਜੀਸੀ ਲਾਂਡਰਾਂ ਨੂੰ ਮਿਸਟਰ ਫਰੈਸ਼ਰ 2022 ਦੇ ਖਿਤਾਬ ਨਾਲ ਨਿਵਾਜਿਆ ਗਿਆ। ਜੇਤੂਆਂ ਦੀ ਚੋਣ ਉਨ੍ਹਾਂ ਦੇ ਆਤਮਵਿਸ਼ਵਾਸ, ਪੇਸ਼ਕਾਰੀ ਅਤੇ ਬੌਧਿਕ ਹੁਨਰ ਦੇ ਆਧਾਰ ’ਤੇ ਕੀਤੀ ਗਈ। ਗੁਰਲੀਨ, ਸੀਈਸੀ, ਸੀਜੀਸੀ ਲਾਂਡਰਾਂ ਅਤੇ ਵਿਕਾਸ, ਸੀਬੀਐਸਏ, ਸੀਜੀਸੀ ਲਾਂਡਰਾਂ ਨੂੰ ਕ੍ਰਮਵਾਰ ਉਪ ਜੇਤੂ ਐਲਾਨਿਆ ਗਿਆ। ਉਨ੍ਹਾਂ ਨੂੰ ਅਦਾਕਾਰ, ਗਾਇਕ ਅਤੇ ਮਾਡਲ ਸਵੀਤਾਜ ਬਰਾੜ, ਮਿਸ ਪੰਜਾਬ 2022 ਰਣਵਿੰਦਰ ਢਿੱਲੋਂ ਅਤੇ ਸਨਮ ਬਰਿਆਰ, ਮਾਡਲ ਅਤੇ ਅਦਾਕਾਰਾ ਵਾਲੇ ਜੱਜਿੰਗ ਪੈਨਲ ਵੱਲੋਂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੱਛਮੀ, ਰਿਵਾਇਤੀ ਅਤੇ ਫਿਊਜ਼ਨ ਡਾਂਸ ਮੁਕਾਬਲਿਆਂ 'ਚ ਉਤਸ਼ਾਹਪੂਰਵਕ ਭਾਗ ਲਿਆ। ਇਸ ਦੇ ਨਾਲ ਹੀ ਗੀਤ, ਬੈਂਡ ਮਾਈਮ, ਸਕਿੱਟ ਸਬੰਧੀ ਮੁਕਾਬਲਿਆਂ ਦੇ ਨਾਲ–ਨਾਲ ਭੰਗੜੇ ਦੀ ਵਿਸ਼ੇਸ਼ ਪੇਸ਼ਕਾਰੀ ਨੇ ਪ੍ਰੋਗਰਾਮ ਦੀ ਰੌਣਕ ਵਧਾ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਕਾਲਜ ਦੇ ਵਿਲੱਖਣ ਜੀਵਨ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਸਕਿੱਟ ਵੀ ਪੇਸ਼ ਕੀਤੀ ਗਈ, ਜਿਸ ਨੂੰ ਹਾਜ਼ਰੀਨਾਂ ਵੱਲੋਂ ਖੂਬ ਪ੍ਰਸ਼ੰਸਾ ਮਿਲੀ। ਸੱਭਿਆਚਾਰਕ ਪੇਸ਼ਕਾਰੀਆਂ ਨੂੰ ਮਿਸ ਅਤੇ ਮਿਸਟਰ ਫਰੈਸ਼ਰ 2022 ਮੁਕਾਬਲੇ ਦੇ ਵੱਖ-ਵੱਖ ਰਾਊਂਡਾਂ ਨਾਲ ਜੋੜਿਆ ਗਿਆ। ਤਿੰਨ ਵੱਖ–ਵੱਖ ਰਾਊਂਡਾਂ ਅਧੀਨ ਮੁਕਾਬਲੇ ਲੜੇ ਗਏ, ਜਿਸ ਵਿੱਚ ਰੈਂਪ ਵਾਕ, ਸਵੈ–ਪਛਾਣ, ਕੁਇਜ਼ ਅਤੇ ਅੰਤਮ ਪ੍ਰਸ਼ਨੋਤਰੀ ਗੇੜ ਸ਼ਾਮਲ ਸਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਡੀ.ਜੇ ਪਾਰਟੀ ਦਾ ਵੀ ਖੂਬ ਆਨੰਦ ਮਾਣਿਆ। ਇਸ ਮੌਕੇ 'ਤੇ ਸੀਜੀਸੀ ਲਾਂਡਾ ਦੇ ਚੇਇਰਮੈਨ ਸਤਨਾਮ ਸਿੰਘ ਸੰਧੂ ਅਤੇ ਸੀਜੀਸੀ ਲਾਂਡਰਾ ਦੇ ਪ੍ਰੈਸੀਡੈਂਟ ਰਾਸ਼ਪਾਲ ਸਿੰਘ ਧਾਲੀਵਾਲ ਵੱਲੋਂ ਨਵੇਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਆਪੋ-ਆਪਣੇ ਕੋਰਸਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।