ਡਾ.ਐਮ.ਐਸ ਰੰਧਾਵਾ ਕਲਾ ਉਤਸਵ ਦੇ ਪਹਿਲੇ ਦਿਨ ਪੰਜਾਬ ਦੀਆਂ ਅੱਠ ਉਘੀਆਂ ਹਸਤੀਆਂ ਦਾ ਗੌਰਵ ਪੰਜਾਬ ਪੁਰਸਕਾਰਾਂ ਨਾਲ ਸਨਮਾਨਿਤ

ਚੰਡੀਗੜ੍ਹ, 2 ਫਰਵਰੀ : ਪੰਜਾਬ ਆਰਟਸ ਕੌਂਸਲ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਚੇਅਰਮੈਨ ਡਾ ਸੁਰਜੀਤ ਪਾਤਰ ਦੀ ਅਗਵਾਈ ਹੇਠ ਸਲਾਨਾ ਡਾ ਐਮ ਐਸ ਰੰਧਾਵਾ ਕਲਾ ਉਤਸਵ ਦੇ ਪਹਿਲੇ ਦਿਨ ਪੰਜਾਬ ਦੀਆਂ ਵੱਖ ਵੱਖ ਅੱਠ ਉਘੀਆਂ ਹਸਤੀਆਂ ਦਾ ਗੌਰਵ ਪੰਜਾਬ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਗੀਤਕਾਰੀ ਵਿਚ ਵੱਡੇ ਯੋਗਦਾਨ ਬਦਲੇ ਉਘੇ ਗੀਤਕਾਰ ਬਾਬੂ ਸਿੰਘ ਮਾਨ, ਸਾਹਿਤ ਦੇ ਖੇਤਰ ਵਿਚ ਯੋਗਦਾਨ ਲਈ ਲੇਖਕ ਓਮ ਪ੍ਰਕਾਸ਼ ਗਾਸੋ, ਨਾਵਲਕਾਰ ਦੇ ਤੌਰ ਉਤੇ ਮਨਮੋਹਨ ਬਾਵਾ, ਚਿਤਰਕਾਰੀ ਵਿਚ ਦੇਣ ਬਦਲੇ ਚਿਤਰਕਾਰ ਸਿਧਾਰਥ, ਲੋਕ ਗਾਇਕੀ ਵਾਸਤੇ ਪੂਰਨ ਚੰਦ ਵਡਾਲੀ, ਚਿਤਰਕਲਾ ਵਾਸਤੇ ਅਨੁਪਮ ਸੂਦ, ਲੋਕ ਕਲਾ ਵਾਸਤੇ ਸ਼ੰਨੋ ਖੁਰਾਣਾ, ਨਾਟਕ ਖੇਤਰ ਵਿਚ ਡਾ ਸਵਰਾਜਬੀਰ ਦੇ ਨਾਂ ਸ਼ਾਮਿਲ ਹਨ। ਸਮਾਗਮ ਦੇ ਆਰੰਭ ਵਿਚ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਸਨਮਾਨਿਤ ਸ਼ਖਸੀਅਤਾਂ ਦੀ ਦੇਣ ਬਾਰੇ ਚਾਨਣਾ ਪਾਇਆ। ਉਘੇ ਲੇਖਕ ਗੁਲਜਾਰ ਸਿੰਘ ਸੰਧੂ ਨੇ ਡਾ ਰੰਧਾਵਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਵਿਚ ਡਾ ਰੰਧਾਵਾ ਦੇ ਪਰਿਵਾਰ ਨੇ ਲੀ ਸ਼ਿਰਕਤ ਕੀਤੀ। ਪੁਰਸਕਾਰ ਭੇਟ ਦੀ ਰਸਮ ਬਾਅਦ ਆਰ ਐਸ ਡੀ ਕਾਲਜ ਦੇ ਵਿਦਿਆਰਥੀਆਂ ਨੇ ਹੀਰ ਵਾਰਿਸ ਦਾ ਪਰੰਪਰਾਗਤ ਗਾਇਨ ਪੇਸ਼ ਕੀਤਾ। ਸਨਮਾਨਿਤ ਸ਼ਖਸੀਅਤਾਂ ਨੇ ਆਪੋ ਆਪਣੇ ਤਜਰਬੇ ਸਾਂਝੇ ਕੀਤੇ, ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ। ਫਿਲਮਕਾਰ ਹਰਜੀਤ ਸਿੰਘ ਦੀ ਨੰਦ ਲਾਲ ਨੂਰਪੁਰੀ ਬਾਰੇ ਬਣਾਈ ਫਿਲਮ ਦਿਖਾਈ ਗਈ ਤੇ ਲੋਕ ਗਾਇਕਾ ਰਜਾ ਹੀਰ ਨੇ ਲੋਕ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹਿਆ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਧੰਨਵਾਦੀ ਸ਼ਬਦ ਆਖੇ। ਮੰਚ ਸੰਚਾਲਨ ਸਕੱਤਰ ਡਾ ਲਖਵਿੰਦਰ ਜੌਹਲ ਨੇ ਕੀਤਾ।ਇਸ ਮੌਕੇ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਗਈਆਂ।ਇਸ ਮੌਕੇ ਪ੍ਰੀਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਕੇਵਲ ਧਾਲੀਵਾਲ, ਪ੍ਰੀਤਮ ਰੁਪਾਲ, ਸਰਬਜੀਤ ਸੋਹਲ, ਜਸਬੀਰ ਭੁੱਲਰ, ਜਸਪਾਲ ਮਾਨਖੇੜਾ, ਜੰਗ ਬਹਾਦਰ ਗੋਇਲ, ਅਮਰਜੀਤ ਗਰੇਵਾਲ ਸਮੇਤ ਕਈ ਸ਼ਖਸ਼ੀਅਤਾਂ ਹਾਜਿਰ ਰਹੀਆਂ।