ਵਿਰਾਸਤ-ਏ-ਖਾਲਸਾ ਅਤੇ ਦਾਸਤਾਨ-ਏ- ਸ਼ਹਾਦਤ ਲਈ ਈ-ਬੁਕਿੰਗ ਸਹੂਲਤ ਦੀ ਹੋਈ ਸ਼ੁਰੂਆਤ

ਚੰਡੀਗੜ, 3 ਜਨਵਰੀ : ਸਾਲ 2022 ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਸਨ, ਜਿਨ੍ਹਾਂ ਵਿੱਚ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀਆਂ ਵਿਰਾਸਤੀ ਇਮਾਰਤਾਂ ਅਤੇ ਅਜਾਇਬ ਘਰਾਂ ਦੀ ਸਾਂਭ-ਸੰਭਾਲ ਵੀ ਸ਼ਾਮਲ ਹੈ ਤਾਂ ਜੋ ਦੂਜੇ ਰਾਜਾਂ ਦੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕੀਤਾ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੈਲਾਨੀਆਂ ਦੀ ਸਹੁਲਤ ਲਈ ਵਿਰਾਸਤ-ਏ-ਖਾਲਸਾ ਅਤੇ ਦਾਸਤਾਨ- ਏ-ਸ਼ਹਾਦਤ ਵਿਖੇ ਐਂਟਰੀ ਲਈ ਈ-ਬੁਕਿੰਗ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਸੈਲਾਨੀਆਂ ਇਥੇ ਪਹੁਚਣ ਤੇ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹੋਏ 41ਵੇਂ ਭਾਰਤ ਅੰਤਰ ਰਾਸਟਰੀ ਵਪਾਰ ਮੇਲਾ-2022 ਵਿਖੇ ਪੰਜਾਬ ਡੇ ਸ ਮਾਗਮ ਦੌਰਾਨ ਪੰਜਾਬ ਪੈਵੀਲੀਅਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪੰਜਾਬ ਸੂਬੇ ਦੀ ਵਿਰਾਸ਼ਤ ਅਤੇ ਸਭਿਆਚਾਰ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾ ਕੇ ਰਾਜ ਦੇ ਇਤਿਹਾਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਗਿਆ।  ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਦੇਸ਼ ਦੇ ਨੌਜਵਾਨਾਂ ਨੂੰ ਮਹਾਨ ਆਜ਼ਾਦੀ ਘੁਲਾਟੀਏ ਦੇ ਜੀਵਨ ਤੋਂ ਜਾਣਕਾਰੀ ਅਤੇ ਪ੍ਰੇਰਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਨੂੰ ਨਵੀਨਤਮ ਮਲਟੀ-ਮੀਡੀਆ ਤਕਨੀਕਾਂ, ਪ੍ਰੋਜੈਕਸ਼ਨ ਮੈਪਿੰਗ, ਗ੍ਰਾਫਿਕ ਸਮੱਗਰੀ ਤੇ ਆਡੀਓ ਅਤੇ ਵੀਡੀਓ ਸਮੱਗਰੀ ਦੀ ਮਦਦ ਨਾਲ ਅੱਪਗ੍ਰੇਡ ਕੀਤਾ ਜਾਵੇਗਾ। ਸਰਕਾਰ ਯਾਦਗਾਰ ਦੇ ਨਵੀਨੀਕਰਨ ਦੇ ਕੰਮ 'ਤੇ 3.57 ਕਰੋੜ ਰੁਪਏ ਖਰਚ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਪਿੰਡ ਬਾਬੇ ਨਾਨਕ ਦਾ ਅਜਾਇਬਘਰ ਬਨਾਉਣ ਲਈ ਜਮੀਨ ਅਧਿਗ੍ਰਹਿਣ ਕਰਨ ਹਿੱਤ 29.24 ਕਰੋੜ ਰੁਪਏ ਜਿਲ੍ਹਾ ਪ੍ਰਸ਼ਾਸਨ, ਕਪੂਰਥਲਾ ਨੂੰ ਜਾਰੀ ਕੀਤੇ ਗਏ ਹਨ। ਉਨ੍ਹਾਂ ਵਿਆਖਿਆ ਕੀਤੀ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਐਂਗਲੋ-ਸਿੱਖ ਵਾਰ ਸਰਕਟ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਨੇ ਐਂਗਲੋ-ਸਿੱਖ ਵਾਰ ਸਰਕਟ ਦੇ ਵਿਕਾਸ ਲਈ 15.50 ਕਰੋੜ ਰੁਪਏ ਅਲਾਟ ਕੀਤੇ ਹਨ। ਸਰਕਟ ਦੇ ਵਿਕਾਸ ਵਿੱਚ ਨਵੀਨਤਮ ਮਲਟੀ-ਮੀਡੀਆ ਤਕਨੀਕਾਂ ਦੀ ਮਦਦ ਨਾਲ ਯਾਦਗਾਰਾਂ ਦਾ ਨਵੀਨੀਕਰਨ ਅਤੇ ਸੰਭਾਲ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਮਾਰਕਾਂ ਅਤੇ ਵਿਰਾਸਤੀ ਜਾਇਦਾਦਾਂ ਜਿਵੇਂ ਕਿ ਸ਼ੀਸ਼ ਮਹਿਲ, ਪਟਿਆਲਾ, ਮਹਿੰਦਰਾ ਕੋਠੀ, ਪਟਿਆਲਾ, ਬਨਾਸਰ ਬਾਗ, ਸੰਗਰੂਰ, ਕਿਲਾ ਮੁਬਾਰਕ, ਦੀ ਰੈਸਟੋਰੇਸ਼ਨ ਅਤੇ ਕੰਜ਼ਰਵੇਸ਼ਨ ਦੇ ਕੰਮ ਕੀਤੇ ਗਏ ਅਤੇ ਹੋਰ ਇਤਿਹਾਸਕ ਵਿਰਾਸਤਾਂ ਨੂੰ ਦੀ ਸਾਂਭ ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ਦੀ ਵਿਆਖਿਆ ਕੀਤੀ ਕਿ ਸੂਬੇ ਦੇ ਸੈਰ ਸਪਾਟੇ ਬਾਰੇ ਸੈਲਾਨੀਆਂ ਨੂੰ ਵੱਧ ਤੋਂ ਵੱਧ ਜਾਣੂ ਕਰਾਉਣ ਲਈ ਰਾਸ਼ਟਰੀ ਪੱਧਰ 'ਤੇ ਵੱਖ-ਵੱਖ ਪ੍ਰਚਾਰ ਸਮਾਗਮਾ ਕਰਵਾਏ ਗਏ ।