ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆ ਦੀ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਪਾਲਣਾ ਕਰੇਗੀ : ਸੂਬਾ ਪ੍ਰਧਾਨ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਜਿ.) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੇ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 15 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ ਕੁਝ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬਾਨ ਅੰਦਰ 15 ਤੋਂ 31 ਦਸੰਬਰ ਤੱਕ ਸਾਦੇ ਲੰਗਰ ਬਣਨਗੇ ਤੇ ਗੁਰਦੁਆਰਿਆਂ ਵਿਚ ਮਿੱਠੇ ਪਕਵਾਨ ਨਹੀਂ ਬਣਨਗੇ ਤੇ ਇਨ੍ਹਾਂ ਮਿਤੀਆਂ 'ਚ ਕੋਈ ਵੀ ਸਿਰੋਪਾਓ ਦੇਣ ਉਤੇ ਮੁਕੰਮਲ ਤੌਰ ਉਤੇ ਪਾਬੰਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ੍ਹਾਂ ਫੈਸਲਿਆ ਦੀ ਇੰਨ ਬਿੰਨ ਪਾਲਣਾ ਕਰੇਗੀ ਤੇ ਜਥੇਬੰਦੀ ਦੇ ਮੈਂਬਰਾਂ ਦੇ ਘਰਾਂ ਦੇ ਅੰਦਰ ਵੀ ਸਾਦੇ ਖਾਣੇ ਬਣਨਗੇ ਤੇ ਮਿੱਠੇ ਪਕਵਾਨ ਦੀ ਪਾਬੰਦੀ ਲਾਗੂ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਰੀਆਂ ਪੰਥਕ/ਧਾਰਮਿਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਅਜੋਕੇ ਸਮੇਂ ਦੀ ਲੋੜ ਅਨੁਸਾਰ ਏਕਤਾ ਉਤੇ ਜ਼ੋਰ ਦੇਣ ਅਤੇ ਸਾਰਿਆਂ ਨੂੰ ਸਰਬਸੰਮਤੀ ਨਾਲ ਧਾਰਮਿਕ ਫੈਸਲੇ ਲੈਣੇ ਚਾਹੀਦੇ ਹਨ। ਜਿਵੇਂ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ 3 ਖੇਤੀ ਦੇ ਕਾਨੂੰਨਾਂ ਨੂੰ ਰੱਦ ਕਰਵਾ ਦਿੱਤਾ ਸੀ ਇਹ ਇਕ ਬਹੁਤ ਵੱਡੀ ਮਿਸਾਲ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਧਾਰਮਿਕ ਤੇ ਪੰਥਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋਣ ਤੇ  ਸਿੱਖ ਪੰਥ ਨੂੰ ਇਕ ਸੇਧ ਦੇਣ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਜੇਕਰ ਧਾਰਮਿਕ ਤੇ ਪੰਥਕ ਜੱਥੇਬੰਦੀਆਂ ਇਕੱਠੇ ਹੋ ਕੇ ਕੋਈ ਫੈਸਲੇ ਕਰਦੀਆਂ ਹਨ ਤਾਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਉਨ੍ਹਾਂ ਫੈਸਲਿਆਂ ਨੂੰ ਇੰਨ ਬਿੰਨ ਮੰਨੇਗੀ ਤੇ ਉਨ੍ਹਾਂ ਦਾ ਹਰ ਫ਼ੈਸਲਾ ਉਨ੍ਹਾਂ ਦੀ ਜੱਥੇਬੰਦੀ ਦੇ ਸਿਰ ਮੱਥੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਿੱਖ ਪੰਥ ਉਤੇ ਕੁਝ ਹਮਲੇ ਹੋ ਰਹੇ ਹਨ। ਉਨ੍ਹਾਂ ਨਾਲ ਲੜਨ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ। ਇਸ ਨੇ ਨਾਲ ਨਾਲ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਅਸੀਂ ਬਾਬੇ ਨਾਨਕ ਦੇ ਕਿਸਾਨ ਹਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹਰ ਹੁਕਮ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਸੀ, ਝੁਕਾਉਂਦੇ ਹਾਂ ਅਤੇ ਭਵਿੱਖ ਵਿੱਚ ਵੀ ਝੁਕਾਉਵਾਂਗੇ।