ਐਸ.ਜੀ.ਪੀ.ਸੀ ਪ੍ਰਧਾਨ 'ਤੇ ਹਮਲਾ ਹੋਣਾ ਬਹੁਤ ਹੀ ਮੰਦਭਾਗਾ ਹੈ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 18 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 'ਤੇ ਬੁੱਧਵਾਰ ਨੂੰ ਮੋਹਾਲੀ-ਚੰਡੀਗੜ੍ਹ ਸਰਹੱਦ 'ਤੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਲਾਏ ਗਏ ਕੌਮੀ ਇਨਸਾਫ਼ ਮੋਰਚੇ ਦਰਮਿਆਨ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਧਾਮੀ ਧਰਨੇ ਨੂੰ ਸੰਬੋਧਨ ਕਰਕੇ ਵਾਪਸ ਜਾ ਰਹੇ ਸਨ ਜਦੋਂ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੀ ਗੱਡੀ 'ਤੇ ਹਮਲਾ ਕਰ ਦਿੱਤਾ ਅਤੇ ਪਥਰਾਅ ਵੀ ਕੀਤਾ, ਜਿਸ ਵਿੱਚ ਕਈ ਵਾਹਨ ਨੁਕਸਾਨੇ ਗਏ। ਜਿਸ ਤੋਂ ਬਾਅਦ ਕੌਮੀ ਪੱਧਰ 'ਤੇ ਇਸ ਹਰਕਤ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ, ਚਰਨਜੀਤ ਸਿੰਘ ਬਰਾੜ, ਅਰਸ਼ਦੀਪ ਸਿੰਘ ਕਲੇਰ ਅਤੇ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਸ਼ਾਮਲ ਸਨ। ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਐਸ.ਜੀ.ਪੀ.ਸੀ ਪ੍ਰਧਾਨ ਧਾਮੀ ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਮੇਟੀ ਪ੍ਰਧਾਨ ਹੋਰ ਮੈਂਬਰਾਂ ਨਾਲ ਇਸ ਮੋਰਚੇ 'ਤੇ ਮੋਰਚੇ ਦੇ ਪ੍ਰਬੰਧਕਾਂ ਦੇ ਸੱਦੇ 'ਤੇ ਹੀ ਗਏ ਸਨ। ਇਸਦੇ ਬਾਵਜੂਦ ਐਸ.ਜੀ.ਪੀ.ਸੀ  ਪ੍ਰਧਾਨ 'ਤੇ ਇਸ ਤਰ੍ਹਾਂ ਹਮਲਾ ਹੋਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਿੱਖਾਂ ਦੇ ਵਿੱਚ ਖਾਨਾਜੰਗੀ ਕਰਾਉਣ ਦੀ ਇੱਕ ਬਹੁਤ ਹੀ ਵੱਡੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਹੁਕਮਾਂ 'ਤੇ ਐਸ.ਜੀ.ਪੀ.ਸੀ ਵੱਲੋਂ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਆਰੰਭੀ ਗਈ। ਜਿਸ ਵਿੱਚ ਦਸਤਖ਼ਤੀ ਮੁਹਿੰਮ ਦਾ ਆਗਾਜ਼ ਹੋਇਆ ਅਤੇ ਸਿੱਖਾਂ ਦੀ ਮੋਹਰੀ ਸੰਸਥਾਂ ਵੱਲੋਂ ਇਹ ਕਾਰਜ ਦੇਸ਼ ਭਰ ਵਿੱਚ ਲੈ ਕੇ ਜਾਇਆ ਜਾ ਰਿਹਾ, ਜੋ ਕਿ ਕੇਂਦਰ ਨਾਲ ਸਿੱਧਾ ਟਾਕਰਾ ਲੈਣ ਦੇ ਬਰਾਬਰ ਹੈ। ਫਿਰ ਵੀ ਉਸ ਸੰਸਥਾਂ ਦੇ ਪ੍ਰਧਾਨ ਨਾਲ ਇਹੋ ਜਿਹਾ ਵਰਤੀਰਾ ਅੱਤ ਨਿੰਦਣਯੋਗ ਹੈ। ਉਨ੍ਹਾਂ ਘਟਨਾ ਮਗਰੋਂ ਮੋਰਚੇ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਹੋ ਜਿਹਾ ਹਮਲਾ ਕਿਸੀ ਸਾਜ਼ਿਸ਼ ਵੱਲ ਸੰਕੇਤ ਕਰਦੇ ਹਨ ਅਤੇ ਸਿੱਖਾਂ ਦੀ ਇਸ ਮਹਾਨ ਸੰਸਥਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।