ਅੰਮ੍ਰਿਤਪਾਲ ਸਿੰਘ ਨੂੰ ਸ਼ਰਤਾਂ ਨਾਲ਼ ਮਿਲੀ ਪੈਰੋਲ, ਲੋਕ ਸਭਾ ਸਪੀਕਰ ਦੇ ਸਾਹਮਣੇ ਚੁੱਕਣਗੇ ਸਹੁੰ 

ਚੰਡੀਗੜ੍ਹ, 4 ਜੁਲਾਈ 2024 : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਮਿਲ ਗਈ ਹੈ। ਅੰਮ੍ਰਿਤਪਾਲ ਨੂੰ 5 ਜੁਲਾਈ ਤੋਂ 9 ਜੁਲਾਈ ਤੱਕ ਪੈਰੋਲ ਮਿਲੀ ਹੈ। ਅੰਮ੍ਰਿਤਪਾਲ 5 ਜੁਲਾਈ ਨੂੰ ਸਹੁੰ ਚੁੱਕਣਗੇ। ਉਹ ਡਿਬਰੂਗੜ੍ਹ ਜੇਲ੍ਹ ਤੋਂ ਸਿੱਧੇ ਸੰਸਦ ਜਾਣਗੇ ਅਤੇ ਉੱਥੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਸਾਹਮਣੇ ਸਹੁੰ ਚੁੱਕਣਗੇ। ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਤਾਂ ਮਿਲ ਗਈ ਹੈ ਪਰ ਇਹ ਇਹ ਪੈਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ। ਪੈਰੋਲ ਦੌਰਾਨ ਉਹ ਨਾ ਤਾਂ ਰਈਆ ਸਥਿਤ ਆਪਣੇ ਘਰ ਆ ਸਕਣਗੇ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਆ ਸਕਦੇ ਹਨ। ਸ਼ੁੱਕਰਵਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ ‘ਤੇ ਦਿੱਤੀ ਗਈ ਹੈ। ਜਿਸ ਦੀ ਸੂਚਨਾ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਰਾਹੀਂ ਇਹ ਸੂਚਨਾ ਅੰਮ੍ਰਿਤਪਾਲ ਨੂੰ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦਿੱਲੀ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦੇ। ਉਨ੍ਹਾਂ ਦਾ ਰਾਤ ਨੂੰ ਠਹਿਰਨ ਦਾ ਪ੍ਰਬੰਧ ਵੀ ਦਿੱਲੀ ‘ਚ ਹੀ ਹੋਵੇਗਾ। ਇਸ ਤੋਂ ਇਲਾਵਾ ਉਹ ਹਰ ਸਮੇਂ ਸੁਰੱਖਿਆ ਘੇਰੇ ‘ਚ ਰਹਿਣਗੇ। ਇਸ ਦੌਰਾਨ ਪਰਿਵਾਰ ਨਾਲ ਮੁਲਾਕਾਤ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਰਹੇਗਾ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੀ ਟੁਕੜੀ ਅੰਮ੍ਰਿਤਪਾਲ ਨੂੰ ਦਿੱਲੀ ਲਿਆਉਣ ਲਈ ਰਵਾਨਾ ਹੋ ਗਈ ਹੈ। ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਰਹਿਣਗੇ।