ਐਸ ਐਸ ਪੀ ਵਿਵਾਦ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਤੋਂ 3 ਆਈਪੀਐਸ ਅਫ਼ਸਰਾਂ ਦਾ ਮੰਗਿਆ ਪੈਨਲ

ਚੰਡੀਗੜ੍ਹ : ਐਸ ਐਸ ਪੀ ਵਿਵਾਦ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਤੋਂ 3 ਆਈਪੀਐਸ ਅਫ਼ਸਰਾਂ ਦਾ ਪੈਨਲ ਮੰਗਿਆ ਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਨੇ 12 ਦਸੰਬਰ ਨੂੰ ਪੰਜਾਬ ਸਰਕਾਰ ਨੂੰ ਸੂਚਨਾ ਦਿੱਤੇ ਬਿਨਾਂ ਹੀ ਪੰਜਾਬ ਕਾਡਰ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਫਾਰਗ ਕਰ ਦਿੱਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਕੇਡਰ ਦੇ ਕਿਸੇ ਐਸਐਸਪੀ ਨੂੰ ਡੈਪੂਟੇਸ਼ਨ ਦੀ ਮਿਆਦ ਤੋਂ ਪਹਿਲਾਂ ਫਾਰਗ ਕੀਤਾ ਗਿਆ ਅਤੇ ਸੂਬਾ ਸਰਕਾਰ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਚੰਡੀਗੜ੍ਹ ਪੁਲਿਸ ਵਿਭਾਗ ਵਿਚ ਐਸਐਸਪੀ ਯੂਟੀ ਦੀ ਜ਼ਿੰਮੇਵਾਰੀ ਪੰਜਾਬ ਦੀ ਬਜਾਏ ਹਰਿਆਣਾ ਕਾਡਰ ਦੀ ਆਈਪੀਐਸ ਮਨੀਸ਼ਾ ਚੌਧਰੀ ਨੂੰ ਦਿੱਤੀ ਗਈ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਕਿਹਾ ਕਿ ਜੇਕਰ ਕਿਸੇ ਕਾਰਨ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਵਾਪਸ ਭੇਜਣਾ ਹੀ ਸੀ ਤਾਂ ਪਹਿਲਾਂ ਪੰਜਾਬ ਤੋਂ ਆਈਪੀਐਸ ਅਧਿਕਾਰੀਆਂ ਦਾ ਪੈਨਲ ਮੰਗ ਲੈਣਾ ਚਾਹੀਦਾ ਸੀ। ਇਸ ਬਿਆਨ ਤੋਂ ਅਗਲੇ ਦਿਨ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਤੋਂ ਪੈਨਲ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਭੇਜੇ ਪੈਨਲ 'ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਕੀ ਫੈਸਲਾ ਲਿਆ ਜਾਵੇਗਾ, ਇਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਉਤੇ ਰਵਾਇਤੀ ਤੌਰ ਉਤੇ ਪੰਜਾਬ ਕਾਡਰ ਦਾ ਆਈਪੀਐਸ.ਅਧਿਕਾਰੀ ਹੀ ਤਾਇਨਾਤ ਹੁੰਦਾ ਹੈ। ਇਸੇ ਤਰ੍ਹਾਂ ਯੂਟੀ ਦਾ ਡਿਪਟੀ ਕਮਿਸ਼ਨਰ ਹਰਿਆਣਾ ਕਾਡਰ ਦਾ ਆਈਏਐਸ ਅਧਿਕਾਰੀ ਨਿਯੁਕਤ ਹੁੰਦਾ ਹੈ।