ਆਪ ਦੇ ਕੈਬਨਿਟ ਮੰਤਰੀ ਸਰਾਰੀ ਦਾ ਅਸਤੀਫਾ ਭਾਜਪਾ ਦੀ ਜਿੱਤ: ਅਸ਼ਵਨੀ ਸ਼ਰਮਾ

ਚੰਡੀਗੜ੍ਹ,  7 ਜਨਵਰੀ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾੜੀ ਦੇ ਅਸਤੀਫੇ ਬਾਰੇ ਲੱਗ ਕਰਦਿਆਂ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੈ। ਭਾਜਪਾ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸਰਾਰੀ ਦੀ ਆਡੀਓ ਦੀ ਜਾਂਚ ਹੋਣੀ ਚਾਹੀਦੀ ਹੈ,ਪਰ ਭਗਵੰਤ ਮਾਨ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਉਣ ਲਈ 6 ਮਹੀਨੇ ਦਾ ਸਮਾਂ ਲਿਆ ਅਤੇ ਹੁਣ ਜਦੋਂ ਸਿਆਸੀ ਦਬਾਅ ਵਧਿਆ ਤਾਂ ਉਸ ‘ਤੋਂ ਅਸਤੀਫਾ ਲੈ ਲਿਆ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਕਈ ਮੰਤਰੀ ਜੇਲ੍ਹ ਵਿੱਚ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਵਿੱਚ 6 ਮਹੀਨੇ ਲੱਗ ਗਏ ਹਨ। ਇਨ੍ਹਾਂ 6 ਮਹੀਨਿਆਂ ਦੌਰਾਨ ਫੌਜਾ ਸਿੰਘ ਸਰਾਰੀ ਨੇ ਹੋਰ ਕੀ-ਕੀ ਕੀਤਾ ਹੈ,  ਇਸ ਦੀ ਜਾਂਚ ਕੌਣ ਕਰੇਗਾ? ਕੀ ਸਰਾਰੀ ਦੇ ਖਿਲਾਫ ਐਫਆਈਆਰ ਦਰਜ ਹੋਵੇਗੀ ਅਤੇ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ? ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਹੀ ਸਰਾਰੀ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਉਸ ਖਿਲਾਫ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਦਾ ਸਾਫ਼ ਮਤਲਬ ਹੈ ਕਿ ਪੰਜਾਬ ਸਰਕਾਰ ਦੀ ਨੀਅਤ ਵਿੱਚ ਕੋਈ ਖੋਟ ਹੈ, ਉਹ ਆਪਣੇ ਮੰਤਰੀ ਨੂੰ ਬਚਾਉਣਾ ਚਾਹੁੰਦੀ ਹੈ।