ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ 'ਚ ਗੜਬੜੀ ਮਾਮਲੇ 'ਚ ਪੰਜਾਬ ਸਕੂਲ ਬੋਰਡ ਦੇ 3 ਕਰਮਚਾਰੀ ਮੁਅੱਤਲ

ਚੰਡੀਗੜ੍ਹ, 5 ਜੁਲਾਈ 2024 : ਪੰਜਾਬ ਫਾਰਮੇਸੀ ਕੌਂਸਲ ਵੱਲੋਂ ਮਿਤੀ 04.04.2024 ਦੇ ਪੱਤਰ ਰਾਹੀਂ ਬੋਰਡ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਉਹਨਾਂ ਵੱਲੋਂ ਦੋ ਉਮੀਦਵਾਰਾਂ ਦੇ ਸਰਟੀਫਿਕੇਟ ਵੈਰੀਫਾਈ ਕਰਨ ਲਈ ਬੋਰਡ ਨੂੰ ਸਾਲ 2023 ਵਿਚ ਭੇਜੇ ਗਏ ਸਨ। ਬੋਰਡ ਵੱਲੋਂ ਇਹਨਾਂ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦੀਆਂ ਵੱਖ-ਵੱਖ ਸਮੇਂ ਤੇ ਦੋ ਰਿਪੋਰਟਾਂ ਭੇਜੀਆਂ ਗਈਆਂ, ਜਿਸ ਅਨੁਸਾਰ ਪਹਿਲੀ ਵਾਰ ਸਰਟੀਫਿਕੇਟਾਂ ਨੂੰ ਸਹੀ ਦੱਸਿਆ ਗਿਆ ਅਤੇ ਦੂਜੀ ਰਿਪੋਰਟ ਵਿੱਚ ਸਰਟੀਫਿਕੇਟ ਜਾਅਲੀ ਹੋਣ ਬਾਰੇ ਕਿਹਾ ਗਿਆ। ਪੰਜਾਬ ਫਾਰਮੇਸੀ ਕੈਂਸਲ ਵੱਲੋਂ ਭੇਜੇ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਮੁੱਢਲੀ ਪੜਤਾਲ ਸੰਯੁਕਤ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋਂ ਕਰਵਾਈ ਗਈ। ਪੜਤਾਲ ਅਫ਼ਸਰ ਵੱਲੋਂ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਕੇਸ ਨਾਲ ਸਬੰਧਤ ਬੋਰਡ ਦਫ਼ਤਰ ਦੇ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ ਤੇ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਅਨੁਸਾਰ ਹਵਾਲੇ ਅਧੀਨ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਵਿਚ ਵੱਡੇ ਪੱਧਰ ਤੇ ਖਾਮੀਆਂ ਪਾਈਆਂ ਗਈਆਂ ਹਨ ਅਤੇ ਕੇਸ ਨਾਲ ਸਬੰਧਤ ਰਿਕਾਰਡ ਨਾਲ ਛੇੜਛਾੜ ਕੀਤੀ ਹੋਈ ਪਾਈ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੜਤਾਲ ਰਿਪੋਰਟ ਵਿਚ ਨਾਮਜ਼ਦ ਹੋਏ ਬੋਰਡ ਦੇ ਕਰਮਚਾਰੀਆਂ ਸ੍ਰੀ ਪਰਵਿੰਦਰ ਸਿੰਘ, ਸੀਨੀਅਰ ਸਹਾਇਕ, ਸ੍ਰੀ ਰਣਜੀਤ ਸਿੰਘ ਅਤੇ ਸ੍ਰੀ ਰਾਜਿੰਦਰ ਸਿੰਘ, ਹੈਲਪਰਜ਼, ਸਰਟੀਫਿਕੇਟ ਸ਼ਾਖਾ ਨੂੰ ਤੁਰੰਤ ਪ੍ਰਭਾਵ ਨਾਲ ਬੋਰਡ ਦੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਕੇਸ ਵਿੱਚ ਸ਼ਾਮਲ ਸ੍ਰੀ ਜਗਤਾਰ ਸਿੰਘ, ਦਿਹਾੜੀਦਾਰ, ਸਰਟੀਫਿਕੇਟ ਸ਼ਾਖਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਉਸਦਾ ਹੈੱਡ-ਕੁਆਟਰ ਖੇਤਰੀ ਦਫ਼ਤਰ, ਰੂਪਨਗਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਪ੍ਰਤੀ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਬੋਰਡ ਵੱਲੋਂ ਮੁਹਾਲੀ ਪੁਲਿਸ ਨੂੰ ਐਫ.ਆਈ.ਆਰ. ਦਰਜ ਕਰਨ ਲਈ ਲਿਖਿਆ ਜਾ ਰਿਹਾ ਹੈ, ਤਾਂ ਜੋ ਇਸ ਫਰਜ਼ੀਵਾੜੇ ਦਾ ਪਰਦਾਫਾਸ਼ ਹੋ ਸਕੇ। ਬੋਰਡ ਦੀ ਆਮ ਪਬਲਿਕ ਨੂੰ ਅਪੀਲ ਹੈ ਕਿ ਬੋਰਡ ਦਫ਼ਤਰ ਤੋਂ ਸਰਟੀਫਿਕੇਟ, ਸੈਕਿੰਡ ਕਾਪੀ ਆਫ਼ ਸਰਟੀਫਿਕੇਟ ਦੀ ਪ੍ਰਾਪਤੀ ਜਾਂ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਨਿਰਧਾਰਤ ਵਿਧੀ ਅਨੁਸਾਰ ਹੀ ਕਰਵਾਈ ਜਾਵੇ ਅਤੇ ਅਣਅਧਿਕਾਰਤ ਜਾਂ ਗਲਤ ਅਨਸਰਾਂ ਦੇ ਜਾਲ ਵਿਚ ਨਾ ਫਸਿਆ ਜਾਵੇ।