ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚੋਂ ਵੀ ਵੀ ਆਈ ਪੀ ਕਲਚਰ ਖਤਮ ਕਰਨ ਦੀ ਪ੍ਰਕਿਰਿਆ ਸੁਰੂ ਕਰਨ ਲਈ ਪੰਜਾਬ ਕੈਬਨਿਟ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਇਆਂ ਗੱਡੀਆਂ ਦੇ ਵਿੰਟੇਜ ਨੰਬਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਤਹਿਤ 1990 ਤੋਂ ਪਹਿਲਾਂ ਜਾਰੀ ਕੀਤੇ ਲੋਕਾਂ ਨੂੰ ਤਕਰੀਬਨ 16000 ਪੁਰਾਣੇ ਵਿੰਟੇਜ ਨੰਬਰਾਂ ਨੂੰ ਸਰਕਾਰ ਵੱਲੋਂ ਨਿਯਤ ਕੀਤੇ ਸਮੇਂ ਦੇ ਅੰਦਰ-ਅੰਦਰ , ਭਾਵ 31 ਮਾਰਚ ਤੱਕ ਆਪਣੇ ਪੁਰਾਣੇ ਨੰਬਰ ਵਾਪਸ ਕਰਨੇ ਪੈਣਗੇ। ਜੋ ਲੋਕ 31 ਮਾਰਚ ਤੱਕ ਪੁਰਾਣੇ ਵਿੰਟੇਜ ਨੰਬਰ ਵਾਪਸ ਕਰ ਦੇਣਗੇ ਉਹ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਣਗੇ । ਪਰ ਜੋ ਸਰਕਾਰ ਵੱਲੋਂ ਤੈਅ ਕੀਤੇ ਸਮੇਂ ਨੰਬਰ ਵਾਪਸ ਨਹੀਂ ਕਰਵਾਏਗਾ, ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਦੀ ਗੱਡੀ ਦਾ ਨੰਬਰ ਜਬਤ ਕਰ ਲਿਆ ਜਾਵੇਗਾ ।
ਪੰਜਾਬ ਸਰਕਾਰ ਵੱਲੋਂ ਲਏ ਇਸ ਫੈਸਲੇ ‘ਤੇ ਲੋਕਾਂ ਉੱਤੇ ਕਿੰਨਾਂ ਕੁ ਅਸਰ ਹੋਇਆ ਹੈ, ਇਸ ਸਬੰਧੀ ਬਰਜਿੰਦਰ ਸਿੰਘ ਸਕੱਤਰ ਆਰ. ਟੀ. ਏ. ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ ਸਿਰਫ 10 ਲੋਕ ਹੀ ਆਪਣਾ ਵਿੰਟੇਜ ਨੰਬਰ ਵਾਪਸ ਜਮ੍ਹਾਂ ਕਰਵਾਉਣ ਆਏ ਹਨ । ਅਜਿਹਾ ਇਸ ਕਰਕੇ ਹੋ ਸਕਦਾ ਹੈ ਕਿਉਂਕਿ ਪੁਰਾਣੇ ਵਿੰਟੇਜ ਨੰਬਰ ਦੀਆਂ ਗੱਡੀਆਂ ਦੇ ਵੀ. ਵੀ. ਆਈ. ਪੀ. ਮਾਲਕ ਅਸਰ ਰਸੂਖ ਤੇ ਰਾਜਨੀਤਕ ਪਹੁੰਚ ਵਾਲੇ ਜਿਆਦਾਤਰ ਅਮੀਰ ਲੋਕ ਹੀ ਹੁੰਦੇ ਹਨ ।
ਕੈਪਟਨ ਸਾਹਿਬ ਦੇ ਇਸ ਫੈਸਲੇ ਨਾਲ ਕੀ ਸੱਚਮੁੱਚ ਹੀ ਪੰਜਾਬ ਵਿੱਚੋਂ VIP ਕਲਚਰ ਖਤਮ ਹੋ ਜਾਵੇਗਾ ? ਅਸੀਂ ਆਮ ਹੀ ਸਰਕਾਰੀ ਗੰਨਮੈਨਾਂ ਵਿੱਚਕਾਰ ਘਿਰੇ ਛੋਟੇ-ਮੋਟੇ ਰਾਜਨੀਤਕ ਅਹੁਦੇਦਾਰਾਂ ਨੂੰ ਦੇਖ ਸਕਦੇ ਹਾਂ । ਕੀ ਅਜਿਹੇ ਅਖੌਤੀ VIP ਲੋਕਾਂ ਦੇ VIP ਕਲਚਰ ਨੂੰ ਰੋਕਣ ਵੱਲ ਵੀ ਕੈਪਟਨ ਸਾਹਿਬ ਧਿਆਨ ਦੇਣਗੇ ?
ਪਰ ਇਸਤੋਂ ਪਹਿਲਾਂ ਵੱਡਾ ਸੁਆਲ, ਕਿ ਕੀ ਵੀ. ਆਈ. ਪੀ. ਕਲਚਰ ਖਤਮ ਕਰਨ ਵਾਲਾ ਰਾਜਾ ਖੁਦ ਆਪਣਾ ਵੀ. ਆਈ. ਪੀ. ਕਲਚਰ ਕਦੋਂ ਖਤਮ ਕਰੇਗਾ ।