ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ : ਮੰਤਰੀ ਹੇਅਰ
ਐਸ.ਏ.ਐਸ ਨਗਰ (ਪਪ) : ਸੂਬੇ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜਿੱਥੇ ਖੇਡਾਂ ਕਰਵਾਈਆਂ ਗਈਆਂ ਉੱਥੇ ਖੇਡ ਸਟੇਡੀਅਮ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੀ ਤਾਜਾ ਮਿਸਾਲ ਪਿੰਡ ਚੋਲਟਾ ਕਲਾਂ ਵਿਖੇ ਦੇਖਣ ਤੋਂ ਮਿਲਦੀ ਹੈ, ਜਿੱਥੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕ੍ਰਿਕਟ ਸਟੇਡੀਅਮ ਰਾਣਾ ਗ੍ਰੀਨ ਫੀਲਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਖ਼ੁਦ ਇਸ ਕ੍ਰਿਕਟ ਸਟੇਡੀਅਮ ਖੇਡ ਦੇ ਮੈਦਾਨ ਵਿੱਚ ਜਾ ਕੇ ਕ੍ਰਿਕਟ ਖੇਡੀ ਅਤੇ ਖੇਡ ਦਾ ਅਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਸ਼ੇਸ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਯਤਨ ਕੀਤੇ ਜਾ ਰਹੇ ਹਨ, ਉੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾ ਜੋੜੀ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਪਿਛਲੇ ਦਿਨੀਂ ਸੂਬਾ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸਲੋਗਨ ਦੇ ਤਹਿਤ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਬਹੁਤ ਹੀ ਸ਼ਾਨਦਾਰ ਖਿਡਾਰੀ ਦਿੱਤੇ ਹਨ। ਕ੍ਰਿਕਟ ਬਾਰੇ ਬੋਲਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਕ੍ਰਿਕਟ ਇੱਕ ਇੰਟਰਨੈਸ਼ਨਲ ਖੇਡ ਹੈ, ਜਿਸ ਨੂੰ ਅੱਜ ਦੀ ਨੌਜਵਾਨੀ ਖੇਡਣਾਂ ਪਸੰਦ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਸਟੇਡੀਅਮ ਰਾਣਾ ਗ੍ਰੀਨ ਫੀਲਡ ਦਾ ਅੱਜ ਰਸ਼ਮੀ ਤੌਰ ਤੇ ਉਦਘਾਟਨ ਕੀਤਾ ਗਿਆ ਹੈ, ਜਿਸ ਨਾਲ ਨੌਜਵਾਨਾਂ ਨੂੰ ਖੇਡਣ ਵਿੱਚ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਮਕਸ਼ਦ ਹੈ ਕਿ ਸੂਬੇ ਨੂੰ ਪਹਿਲਾਂ ਦੀ ਤਰ੍ਹਾਂ ਖੇਡਾਂ ਵਿੱਚ ਵੀ ਪਹਿਲੇ ਸਥਾਨ ਤੇ ਲਿਆਂਦਾ ਜਾ ਸਕੇ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਜਿੱਥੇ ਨਵੇਂ ਬਣੇ ਖੇਡ ਸਟੇਡੀਅਮ ਦੀ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ, ਉੱਥੇ ਉਨ੍ਹਾਂ ਐਲਾਨ ਕੀਤਾ ਕਿ ਖੇਡ ਸਟੇਡੀਅਮ ਨੂੰ ਆਉਂਦੀ ਸੜਕ ਨੂੰ ਵੀ ਜਲਦੀ ਪੱਕਾ ਕੀਤਾ ਜਾਵੇਗਾ।
ਇਸ ਮੌਕੇ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ , ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ , ਐੱਸ.ਡੀ.ਐੱਮ ਖਰੜ੍ਹ ਰਵਿੰਦਰ ਸਿੰਘ, ਡੀ.ਐੱਸ.ਪੀ ਰੁਪਿੰਦਰ ਕੌਰ ਸੋਹੀ ਤੋਂ ਇਲਾਵਾ ਇਲਾਕਾ ਨਿਵਾਸੀ ਅਤੇ ਖਿਡਾਰੀ ਹਾਜ਼ਰ ਸਨ।