ਕਲਾਨੌਰ, 4 ਫਰਵਰੀ : ਕਲਾਨੌਰ ਨੇੜੇ ਇੱਕ ਕਾਰ ਦੇ ਸੰਤੁਲਨ ਵਿਗੜ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਅਤੇ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਖੇ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਅਤੇ ਸੂਚਨਾ ਮਿਲਦੇ ਹੀ ਥਾਣਾ ਵਡਾਲਾ ਬਾਂਗਰ ਦੇ ਇੰਚਾਰਜ ਏ.ਐੱਸ.ਆਈ ਰਣਬੀਰ ਸਿੰਘ ਪੁਲਸ ਪਾਰਟੀ ਸਮੇਤ ਹਾਦਸੇ ਵਾਲੀ ਥਾਂ 'ਤੇ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ 5 ਨੌਜਵਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਕਲਾਨੌਰ ਸਾਈਡ ਵੱਲ ਜਾ ਰਹੇ ਸਨ ਕਿ ਜਦੋਂ ਉਹ ਕਲਾਨੌਰ-ਬਟਾਲਾ ਰੋਡ ’ਤੇ ਪਿੰਡ ਕਚਹਿਰੀ ਮੀਆਂ ਸਾਹਿਬ ਨੇੜੇ ਪੁੱਜੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਕਾਰ ਦੀ ਟੱਕਰ ਹੋ ਗਈ ਆਪੇ ਕਾਰ ਸੜਕ ਕਿਨਾਰੇ ਇੱਕ ਦਰਖਤ ਨਾਲ ਜਾ ਟਕਰਾਈ ਅਤੇ ਖੇਤਾਂ ਵਿੱਚ ਜਾ ਕੇ ਪਲਟ ਗਈ। ਇਸ ਹਾਦਸੇ ਵਿੱਚ ਪਰਮਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਮੈਰੀਕਲਾਂ ਜ਼ਿਲ੍ਹਾ ਅੰਮ੍ਰਿਤਸਰ, ਸਾਹਿਲ ਪੁੱਤਰ ਸੁਰਜੀਤ ਵਾਸੀ ਪਿੰਡ ਮੈਰੀਕਲਾਂ ਜ਼ਿਲ੍ਹਾ ਅੰਮ੍ਰਿਤਸਰ ਦੀ ਮੌਤ ਹੋ ਗਈ, ਜਦਕਿ ਇਸੇ ਪਿੰਡ ਦੇ ਰਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ, ਦਿਲੇਰ ਸਿੰਘ ਅਤੇ ਮਨਦੀਪ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਪਿੰਡ ਅਬਦਾਲ ਜ਼ਿਲ੍ਹਾ ਅੰਮ੍ਰਿਤਸਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਦੋਵੇਂ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦੇ ਇਕਲੋਤੇ ਪੁੱਤਰ ਸਨ। ਉੱਥੇ ਹੀ ਪੁਲੀਸ ਚੌਕੀ ਵਡਾਲਾ ਬਾਂਗਰ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਕਰਦਿਆਂ ਦੋਵੇਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ।