ਧਾਰਮਿਕ ਸਜ਼ਾ ਮਿਲਣ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਬਾਦਲ ਨੇ ਕੀਤੀ ਪਹਿਰੇਦਾਰੀ 

ਅੰਮ੍ਰਿਤਸਰ, 3 ਦਸੰਬਰ 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਤੇ ਦਿਨ ਸੁਣਾਈ ਗਈ ਧਾਰਮਿਕ ਸਜ਼ਾ ਤੋਂ ਬਾਅਦ ਆਪਣੇ ਗਲ ਵਿੱਚ ਤਖ਼ਤੀ ਲੈ ਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਹਨ। ਜਿੱਥੇ ਉਹ ਵੀਲ੍ਹ ਚੇਅਰ ਤੇ ਹੀ ਸੇਵਾਦਾਰ ਵੱਜੋਂ ਸੇਵਾ ਨਿਭਾ ਰਹੇ ਹਨ। ਸੁਖਬੀਰ ਬਾਦਲ ਨੀਲਾ ਚੋਲ਼ਾ ਪਾ ਕੇ ਹੱਥ ਵਿੱਚ ਬਰਛਾ ਫੜ੍ਹ ਕੇ ਦਰਬਾਰ ਸਾਹਿਬ ਘੰਟਾ ਘਰ ਡਿਓਢੀ ਤੇ ਪਹਿਰੇਦਾਰ ਵਜੋਂ ਸੇਵਾ ਨਿਭਾ ਰਹੇ ਹਨ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਉਨ੍ਹਾਂ ਨੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਇਹ ਸੇਵਾ ਨਿਭਾਉਣੀ ਹੈ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਅਕਾਲੀ ਆਗੂ ਸੁਖਦੇਵ ਸਿੰਘ ਢੀਡਸਾ ਵੀ ਸੇਵਾਦਾਰ ਵਾਲਾ ਚੋਲਾ ਪਾਕੇ ਹੱਥ ਵਿਚ ਬਰਛਾ ਫੜ ਕੇ ਸੇਵਾ ਕਰਨ ਘੰਟਾ ਘਰ ਡਿਓੜੀ ਵਿਖੇ ਪਹਿਰੇਦਾਰੀ ਕਰ ਰਹੇ ਹਨ। ਦੋਵੇਂ ਆਗੂ ਘੰਟਾ ਘਰ ਡਿਓੜੀ ਦੇ ਦੋਨੇ ਪਾਸੇ ਵੀਲ੍ਹ ਚੇਅਰ ’ਤੇ ਬੈਠ ਕੇ ਇਹ ਸੇਵਾ ਨਿਭਾ ਰਹੇ ਹਨ। 

ਸੁਖਬੀਰ ਬਾਦਲ ਦਾ ਅਸਤੀਫਾ ਜਲਦੀ ਹੀ ਪ੍ਰਵਾਨ ਕਰ ਲਿਆ ਜਾਵੇਗਾ : ਭੂੰਦੜ 
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਸਿੰਘ ਸਾਹਿਬਾਨ ਦੇ ਹੁਕਮਾਂ ਅਨੁਸਾਰ ਸੁਖਬੀਰ ਬਾਦਲ ਦਾ ਅਸਤੀਫਾ ਜਲਦੀ ਹੀ ਪ੍ਰਵਾਨ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਹੁਕਮਾਂ ਅਨੁਸਾਰ ਗੁਰੂ ਅਰਜਨ ਦੇਵ ਨਿਵਾਸ ਵਿਖੇ ਵਾਸ਼ਰੂਮ ਦੀ ਸੇਵਾ ਕਰਨ ਆਏ ਹਨ, ਇਸ ਲਈ ਸੇਵਾ ਦੌਰਾਨ ਉਹ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ। ਪਾਰਟੀ ਦੇ ਪੁਨਰਗਠਨ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦੇ ਹਰ ਇਕ ਆਦੇਸ਼ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਦੇ ਅਸਤੀਫੇ ਨੂੰ ਪ੍ਰਵਾਨ ਕਰਨ ਬਾਰੇ ਜਲਦੀ ਹੀ ਫੈਸਲਾ ਲਿਆ ਜਾਵੇਗਾ। ਇਸ ਤੋਂ ਇਲਾਵਾ ਉਹ ਹੋਰ ਕੋਈ ਟਿੱਪਣੀ ਨਹੀਂ ਕਰਨਗੇ।

ਬੀਬੀ ਜਗੀਰ ਕੌਰ ਨੇ ਬਾਥਰੂਮਾਂ ਦੀ ਕੀਤੀ ਸਫਾਈ 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਥਰੂਮਾਂ ਦੀ ਸਫਾਈ ਲਈ ਵੀ ਇੱਕ ਘੰਟੇ ਦੀ ਸੇਵਾ ਲਗਾਈ ਸੀ। ਜਿਸ ਨੂੰ ਨਿਭਾਉਣ ਦੇ ਲਈ ਬੀਬੀ ਜਗੀਰ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਸਥਿਤ ਬਾਥਰੂਮਾਂ ਦੀ ਸਫਾਈ ਲਈ ਪਹੁੰਚੇ ਹਨ। ਬੀਬੀ ਜਗੀਰ ਕੌਰ ਨੇ ਬਾਥਰੂਮਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਸਫਾਈ ਨਿਰੰਤਰ ਇੱਕ ਘੰਟਾ ਜਾਰੀ ਰਹੇਗੀ।

ਮਜੀਠੀਆ ਨੇ ਜੂਠੇ ਭਾਂਡੇ ਧੋਣ ਦੀ ਕੀਤੀ ਸੇਵਾ 
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਆਪਣੀ ਧਾਰਮਿਕ ਸਜ਼ਾ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਪਹੁੰਚੇ ਮਜੀਠੀਆ ਨੇ ਸੰਗਤ ਦੇ ਜੂਠੇ ਭਾਂਡੇ ਧੋਣ ਦੀ ਸੇਵਾ ਸ਼ੁਰੂ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਦੁਪਹਿਰ 12 ਵਜੇ ਤੋਂ 1 ਵਜੇ ਤਕ ਮਜੀਠੀਆ ਤੇ ਹੋਰ ਸਾਬਕਾ ਮੰਤਰੀਆਂ ਨੂੰ ਸੰਗਤ ਦੇ ਭਾਂਡੇ ਧੋਣ ਤੇ ਜੁੱਤੀਆਂ ਸਾਫ਼ ਕਰਨ ਦੀ ਸੇਵਾ ਲਗਾਈ ਹੈ।

ਭੁੱਲਣਹਾਰ ਹਾਂ, ਗੁਰੂ ਸਾਹਿਬ ਸੁਮੱਤ ਬਖਸ਼ਣ'
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲੱਗੀ ਸਜ਼ਾ ਨੂੰ ਭੁਗਤਣ ਆਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਨਸਾਨ ਭੁੱਲਣਹਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਵੀ ਕਈ ਗਲਤੀਆਂ ਹੋਈਆਂ ਹੋਣਗੀਆਂ। ਜਿਸ ਦੇ ਚੱਲਦੇ ਇਹ ਸਜ਼ਾ ਲੱਗੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਸਜ਼ਾ ਨੂੰ ਨਿਭਾ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ। ਉਨ੍ਹਾਂ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਜੋ ਪੰਜਾਬ ਦੇ ਲੋਕਾਂ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ 'ਚ ਬੈਅਆਂ ਪਾਰਟੀਆਂ ਅਜਿਹਾ ਕੁਝ ਨਾ ਕਰੇ ਕਿ ਖੇਤਰੀ ਪਾਰਟੀ ਪੰਜਾਬ ਦੀ ਖ਼ਤਮ ਹੋ ਜਾਵੇ। ਇਸ ਲਈ ਸਾਰਿਆਂ ਨੂੰ ਗਿਲੇ ਸ਼ਿਕਵੇ ਭੁਲਾ ਕੇ ਪੰਜਾਬ ਦੇ ਲੋਕਾਂ ਲਈ ਇੱਕ ਹੋਣਾ ਪਵੇਗਾ।

ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਸੇਵਾ ਲਗਾਈ ਗਈ ਹੈ : ਜਗੀਰ ਕੌਰ
ਅਕਾਲੀ ਸਰਕਾਰ ਸਮੇਂ ਹੋਏ ਗੁਨਾਹਾਂ ਨੂੰ ਵੇਖਦੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਲਗਾਈ ਹੈ। ਇਸ ਮੌਕੇ ਬੀਬੀ ਜਗੀਰ ਕੌਰ ਵੀ ਲਗਾਈ ਗਈ ਸੇਵਾ ਨੂੰ ਪੂਰਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਆਏ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਸੇਵਾ ਲਗਾਈ ਗਈ ਹੈ। ਉਨ੍ਹਾਂ ਆਖਿਆ ਕਿ ਸਾਨੂੰ ਬਹੁਤ ਵੱਡਾ ਸਕੂਨ ਮਿਲਿਆ ਹੈ। ਬੀਬੀ ਜਗੀਰ ਕੌਰ ਨੇ ਆਖਿਆ ਅਕਾਲੀ ਸਰਕਾਰ ਸਮੇਂ ਜੋ ਗਲਤੀਆਂ ਹੋਈਆਂ ਸਨ, ਉਨ੍ਹਾਂ ਨੂੰ ਲੈ ਕੇ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਹੁਣ ਸਾਡੇ ਗੁਨਾਹਾਂ ਬਖ਼ਸ਼ੇ ਜਾ ਰਹੇ ਹਨ। ਜਿਸ ਨੇ ਜਿੰਨਾ ਵੱਡਾ ਗੁਨਾਹ ਕੀਤਾ ਉਸ ਨੂੰ ਉਸ ਮੁਤਾਬਿਕ ਹੀ ਸਜ਼ਾ ਲਗਾਈ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਵੀ ਜਵਾਬ ਮਿਲ ਗਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਕੀ ਤਾਕਤ ਹੈ। ਮੀਡੀਆ ਨਾਲ ਗੱਲ ਕਰਦੇ ਉਨ੍ਹਾਂ ਆਖਿਆ ਕਿ ਸੁਧਾਰ ਲਹਿਰ ਨੇ ਜੋ ਕਦਮ ਚੁੱਕਿਆ ਸੀ ਅੱਜ ਉਸ ਦਾ ਫਲ ਮਿਲ ਗਿਆ ਅਤੇ ਸੁਧਾਰ ਹੋ ਗਿਆ। ਅਸੀਂ ਹਮੇਸ਼ਾਂ ਹੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਸੁਧਾਰ ਲਹਿਰ ਦਾ ਮਕਸਦ ਵੀ ਇਹੀ ਸੀ ਜੋ ਪੂਰਾ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੀਤੇ ਗੁਨਾਹ ਅਤੇ ਭੁੱਲਾਂ ਲਈ ਮੁਆਫ਼ੀ ਮੰਗੀ ਹੈ ਅਤੇ ਜੋ ਸਾਨੂੰ ਸਜ਼ਾ ਲਗਾਈ ਗਈ ਹੈ ਉਹ ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ। ਜਗੀਰ ਕੌਰ ਨੇ ਆਖਿਆ ਕਿ ਜਿੰਨ੍ਹਾਂ ਨੂੰ ਵੀ ਸਜ਼ਾ ਲਗਾਈ ਹੈ ਉਹ ਸਾਰੇ ਆਪਣੀ ਲਗਾਈ ਲਗਾਈ ਸਜ਼ਾ ਮੁਤਾਬਿਕ ਸਜ਼ਾ ਨੂੰ ਨਿਭਾ ਰਹੇ ਹਨ। ਇਸ ਲਈ ਸੁਖਬੀਰ ਬਾਦਲ ਨੂੰ ਵੀ ਆਪਣੀ ਸਜ਼ਾ ਨੂੰ ਪੂਰਾ ਕਰਨਾ ਚਾਹੀਦਾ ਹੈ। ਕਾਬਲੇਜ਼ਿਕਰ ਹੈ ਕਿ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਗੁਨਾਹ ਹੋਏ ਸੀ ਉਨ੍ਹਾਂ ਲਈ ਪੰਜ ਸਿੰਘ ਸਾਹਿਬਾਨਾਂ ਵੱਲੋਂ ਫੈਸਲੇ ਲਏ ਗਏ ਅਤੇ ਉਸ ਸਜ਼ਾ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵੱਲੋਂ ਕੀਤਾ ਗਿਆ ਸੀ।