ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 300 ਕਿੱਲੋਗ੍ਰਾਮ ਪੋਸਤ ਸਮੇਤ 01 ਵਿਅਕਤੀ ਕਾਬੂ, 03 ਹੋਰ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ 2024 : ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ., ਡੀ.ਜੀ.ਪੀ ਪੰਜਾਬ, ਸ਼੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ., ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ, ਫਰੀਦਕੋਟ ਜੀ ਦੀਆਂ ਹਦਾਇਤਾ ਤਹਿਤ, ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੋਰਾਨ ਸ੍ਰੀ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ (ਇੰਨਵੈ), ਸ਼੍ਰੀ ਮੁਕਤਸਰ ਸਾਹਿਬ  ਦੀ ਨਿਗਰਾਨੀ ਹੇਠ ਐਸ.ਆਈ. ਹਰਪ੍ਰੀਤ ਕੌਰ ਇੰਚਾਰਜ ਸੀ.ਆਈ.ਏ. ਮਲੋਟ ਦੀ ਟੀਮ ਵੱਲੋਂ ਡੀ.ਐਸ.ਪੀ. ਸ਼੍ਰੀ ਨਵੀਨ ਕੁਮਾਰ ਦੀ ਹਾਜ਼ਰੀ ਵਿੱਚ ਪਿੰਡ ਘੁਮਿਆਰਾ ਦੇ ਇੱਕ ਘਰ ਵਿੱਚੋਂ 03 ਕੁਇੰਟਲ ਪੋਸਤ ਸਮੇਤ 01 ਵਿਅਕਤੀ ਨੂੰ ਕਾਬੂ ਕਰਕੇ 03 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਿਲ੍ਹਾ ਪੁਲਿਸ ਮੁੱਖੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਦਿਆਂ ਜਿਲ੍ਹਾ ਪੁਲਿਸ ਵੱਲੋਂ ਜਿੱਥੇ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੁਕ ਕਰਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪੇ੍ਰਰਿਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਸਰਚ ਅਪ੍ਰੇਸ਼ਨ ਅਤੇ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਮਿਤੀ 24/07/2024 ਨੂੰ ਸੀ.ਆਈ.ਏ. ਮਲੋਟ ਦੀ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅਬੋਹਰ-ਡੱਬਵਾਲੀ ਜੀ.ਟੀ. ਰੋਡ, ਬੱਸ ਸਟੈਂਡ ਲੁਹਾਰਾ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਇੱਕ ਗੁਪਤ ਇਤਲਾਹ ਮਿਲੀ ਸੀ, ਜਿਸ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 120 ਮਿਤੀ 24/07/2024 ਅ/ਧ 15 ਸੀ ਐਨ.ਡੀ.ਪੀ.ਐਸ. ਐਕਟ ਥਾਣਾ ਲੰਬੀ ਬਰਖਿਲਾਫ ਗੁਰਬਚਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਘੁਮਿਆਰਾ ਦਰਜ ਕਰਵਾਇਆ ਗਿਆ ਅਤੇ ਡੀ.ਐਸ.ਪੀ., ਸ਼੍ਰੀ ਨਵੀਨ ਕੁਮਾਰ ਪੀ.ਪੀ.ਐਸ. ਨੂੰ ਮੌਕਾ ਤੇ ਬੁਲਾ ਕੇ ਉਹਨਾਂ ਦੀ ਹਾਜਰੀ ਵਿੱਚ ਗੁਰਬਚਨ ਸਿੰਘ ਉਕਤ ਦੇ ਘਰ ਦੀ ਸਰਚ ਕੀਤੀ ਗਈ, ਜੋ ਦੌਰਾਨੇ ਸਰਚ ਉਸ ਦੇ ਘਰੋਂ 15 ਗੱਟੇ ਡੋਡਾ ਚੂਰਾ ਪੋਸਤ, ਕੁੱਲ ਵਜਨ 300 ਕਿੱਲੋਗ੍ਰਾਮ ਬਰਾਮਦ ਹੋਇਆ। ਉਕਤ ਮੁਕੱਦਮਾ ਵਿੱਚ ਗੁਰਬਚਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਘੁਮਿਆਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸ ਦੀ ਮੁਢਲੀ ਪੁੱਛ-ਗਿੱਛ ਦੇ ਅਧਾਰ ਪਰ ਰਾਜਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਅੰਗਰੇਜ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀਆਨ ਪਿੰਡ ਲੁਹਾਰਾ ਅਤੇ ਕੁਲਵੰਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਮੰਡੀ ਕਿੱਲਿਆਂਵਾਲੀ ਨੂੰ ਉਕਤ ਮੁਕੱਦਮਾ ਵਿੱਚ ਦੋਸ਼ੀਆ ਨੂੰ ਨਾਮਜਦ ਕੀਤਾ ਗਿਆ ਹੈ। ਦੋਸ਼ੀਆ ਦਾ ਰਿਮਾਂਡ ਹਾਸਿਲ ਕਰਕੇ, ਉਸ ਪਾਸੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।