'ਖੇਤਰੀ ਸਰਸ ਮੇਲੇ' ਦਾ ਲੋਗੋ ਜਾਰੀ, 8 ਤੋਂ 17 ਅਕਤੂਬਰ ਤੱਕ ਸੂਬਾ ਪੱਧਰੀ ‘ਸਰਸ ਮੇਲਾ’ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ

 

ਦੇਸ਼ ਭਰ ਤੋਂ ਆਉਣ ਵਾਲੇ ਸ਼ਿਲਪਕਾਰ ਤੇ ਦਸਤਕਾਰ 200 ਤੋਂ ਵੱਧ ਸਟਾਲਾਂ ਰਾਹੀਂ ਕਰਨਗੇ ਹੱਥੀਂ ਤਿਆਰ ਕੀਤੇ ਸਮਾਨ ਦੀ ਵਿਕਰੀ
ਸੰਗਰੂਰ
: ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਸਰਕਾਰੀ ਰਣਬੀਰ ਕਾਲਜ ਸੰਗਰੂਰ ’ਚ 8 ਤੋਂ 17 ਅਕਤੂਬਰ ਤੱਕ ਲਗਾਏ ਜਾ ਰਹੇ ਖੇਤਰੀ ਸਰਸ ਮੇਲੇ ਦਾ ਲੋਗੋ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਸਾਲ ਸੂਬਾ ਪੱਧਰੀ ‘ਸਰਸ ਮੇਲਾ’ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਸੰਗਰੂਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਤੋਂ ਆਉਣ ਵਾਲੇ ਸ਼ਿਲਪਕਾਰ ਤੇ ਦਸਤਕਾਰ 200 ਤੋਂ ਵੱਧ ਸਟਾਲਾਂ ਰਾਹੀਂ ਆਪਣੇ ਸਮਾਨ ਦੀ ਵਿਕਰੀ ਕਰਨਗੇ। ਉਨ੍ਹਾਂ ਦੱਸਿਆ ਕਿ ਵੱਖ ਵੱਖ ਸੂਬਿਆਂ ਦੇ ਪਕਵਾਨ ਅਤੇ ਵੰਨ ਸੁਵੰਨੇ ਝੂਲੇ ਮੇਲੇ ਦੌਰਾਨ ਆਕਰਸ਼ਣ ਦਾ ਕੇਂਦਰ ਬਣਨਗੇ।ਉਨਾਂ ਕਿਹਾ ਕਿ ਇਸ ਮੇਲੇ ਦੇ ਪ੍ਰਬੰਧਾਂ ਦੇ ਓਵਰਆਲ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਨਾਮਵਰ ਗਾਇਕ ਵਿਸ਼ੇਸ਼ ਤੌਰ ਉੱਤੇ ਇਸ ਮੇਲੇ ਵਿੱਚ ਸ਼ਾਮਲ ਹੋ ਕੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਭਰਵਾਂ ਮਨੋਰੰਜਨ ਕਰਨਗੇ। ਸ੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਹ ਮੇਲਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਮਲ ਹੁੰਦੇ ਸ਼ਿਲਪਕਾਰਾਂ ਦੀਆਂ ਕਲਾਕ੍ਰਿਤਾਂ ਦੀ ਪੇਸ਼ਕਾਰੀ ਨੂੰ ਵਿਸ਼ੇਸ਼ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਕਲਾ ਪ੍ਰੇਮੀਆਂ ਲਈ ਵੀ ਕਲਾਤਮਕ ਵੰਨਗੀਆਂ ਦਾ ਆਨੰਦ ਮਾਣਨ ਦਾ ਮੌਕਾ ਪੇਸ਼ ਕਰੇਗਾ। ਉਨਾਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਤੋਂ ਦਸਤਕਾਰ ਇਸ ਮੇਲੇ ’ਚ ਭਾਗ ਲੈਣਗੇ ਅਤੇ ਆਪਣੀਆਂ ਹੱਥੀਂ ਤਿਆਰ ਕੀਤੀਆਂ ਵਸਤਾਂ ਇੱਥੇ ਸਹੀ ਮੁੱਲ ’ਤੇ ਸਿੱਧੇ ਖਰੀਦਦਾਰਾਂ ਨੂੰ ਵੇਚਣ ਦਾ ਮੌਕਾ ਮਿਲੇਗਾ। ਉਨਾਂ ਕਿਹਾ ਕਿ ਲੋਕ ਇੱਥੇ ਵੱਖ-ਵੱਖ ਰਾਜਾਂ ਦੀਆਂ ਲੋਕ ਕਲਾਵਾਂ ਨਾਲ ਮਨਪ੍ਰਚਾਵੇ ਦੇ ਨਾਲ-ਨਾਲ ਕਈ ਤਰਾਂ ਦੇ ਖਾਣੇ ਦਾ ਆਨੰਦ ਵੀ ਮਾਣ ਸਕਣਗੇ।