ਭਨੋਹੜ ਪੰਜਾਬ ਦਾ 63 ਵਰ੍ਹੇ ਪਹਿਲਾਂ ਬਣਿਆਂ ਰੇਲਵੇ ਸਟੇਸ਼ਨ 31 ਮਾਰਚ ਨੂੰ ਹੋਵੇਗਾ ਬੰਦ

ਲੁਧਿਆਣਾ : ਸਾਡੇ ਬਜੁਰਗਾਂ ਨੇ ਸੈਂਕੜੇ ਗੱਡੇ ਮਿੱਟੀ ਦੇ ਆਪਦੇ ਹੱਥੀਂ ਪਟਾਈ ਕਰਕੇ ਸਟੇਸ਼ਨ ਵਾਲੀ ਥਾਂ ਤੇ ਭਰਤ ਪਾਇਆ ਸੀ ਆਪਦੇ ਖ਼ਰਚੇ ਤੇ ਸਟੇਸ਼ਨ ਦੀ ਬਿਲਡਿੰਗ ਉਸਾਰੀ ਸੀ, ਹੁਣ ਸਟੇਸ਼ਨ ਬੰਦ ਕਰਕੇ ਇਹਦੀਆਂ ਨਿਸ਼ਾਨੀਆਂ ਨੂੰ ਰੇਲਵੇ ਮਹਿਕਮਾਂ ਮੇਟਣ ਲੱਗਿਆ।
        ਇਸ ਸਬੰਧੀ ਭਨੋਹੜ ਦੇ ਸਾਬਕਾ ਸਰਪੰਚ ਰਮਿੰਦਰ ਸਿੰਘ ਨੇ ਕਿਹਾ ਕਿ ਰੇਲਵੇ ਨੂੰ ਇਹ ਪਾਲਿਸੀ ਬਨਾਉਣੀ ਚਾਹੀਦੀ ਹੈ ਕਿ ਛੋਟੇ ਛੋਟੇ ਰੇਲਵੇ ਸਟੇਸ਼ਨਾਂ ਨੂੰ ਬੰਦ ਕਰਨ ਤੋਂ ਮਗਰੋਂ ਇਹਦੇ ਸਾਈਨ ਬੋਰਡ ਅਤੇ ਟਿਕਟ ਰੂਮ ਵੇਟਿੰਗ ਰੂਮ ਤੇ ਬੈਂਚ ਤਾਂ ਖੜੇ ਰਹਿਣ ਦੇਵੇ ਤਾਂ ਆਉਣ ਵਾਲੀਆਂ ਪੀੜੀਆਂ ਆਪਦੇ ਪਿੰਡ ਦਾ ਪੁਰਾਤਨ ਸਮਾਂ ਅਤੇ ਆਪਦੇ ਬਜ਼ੁਰਗਾਂ ਦੀ ਘਾਲਣਾ ਨੂੰ ਦੇਖ ਸਕਣ।ਉਨਾਂ ਕਿਹਾ ਕਿ ਰੇਲ ਮਹਿਕਮੇ ਵਾਸਤੇ ਪੱਟੇ ਜਾ ਰਹੇ ਸਾਈਨ ਬੋਰਡਾਂ ਦੀ ਕੀਮਤ ਕਬਾੜ ਦੇ ਲੋਹੇ ਤੋਂ ਵੱਧ ਨਹੀਂ ਜੀਹਦਾ ਭੁਗਤਾਨ ਨਗਰ ਨਿਵਾਸ ਰੇਲਵੇ ਨੂੰ ਖ਼ੁਦ ਕਰ ਸਕਦੇ ਹਨ। ਲੁਧਿਆਣਾ -ਫ਼ਿਰੋਜ਼ਪੁਰ ਰੇਲਵੇ ਲਾਇਨ ਤੇ ਮੁਲਾਂਪੁਰ ਤੋਂ ਪਹਿਲਾਂ 8 ਦਸੰਬਰ 1958 ਨੂੰ ਚਾਲੂ ਹੋਇਆ ਭਨੋਹੜ ਪੰਜਾਬ ਰੇਲਵੇ ਸਟੇਸ਼ਨ ਨੂੰ ਪੰਜਾਬ ਦੇ ਹੋਰ 12 ਸਟੇਸ਼ਨਾਂ ਸਣੇ 31 ਮਾਰਚ 2022 ਸਰਕਾਰ ਨੇ ਬੰਦ ਕਰ ਦਿੱਤਾ ਸੀ।ਹੁਣ ਇਸ ਸਟੇਸ਼ਨ ਤੇ ਲੱਗੇ ਭਾਰੇ ਸਾਈਨ ਬੋਰਡ ਵੀ ਪੱਟੇ ਜਾ ਰਹੇ ਨੇ। ਪੂਰਬੀ ਪਾਸੇ ਵਾਲੇ ਬੋਰਡ ਦੇ ਨਟ ਖੰਬਿਆਂ ਨਾਲੋੰ ਖੋਲ ਕੇ ਥੱਲੇ ਸਿੱਟ ਦਿੱਤਾ ਹੈ ਜਦਕਿ ਪੱਛਮੀ ਬੋਰਡ ਦੇ ਛੇ ਨਟਾਂ ਚੋਂ ਚਾਰ ਖੋਲ ਲਏ ਗਏ ਨੇ ਬੋਰਡ ਹਾਲੇ ਲਮਕਦਾ ਹੈ। ਰੇਲਵੇ ਮਹਿਕਮੇ ਚੋਂ ਬਤੌਰ ਜੇ ਈ ਰਿਟਾਇਰ ਹੋਏ ਰਛਪਾਲ ਸਿੰਘ ਭੱਠਲ ਨੇ ਕਿਹਾ ਕਿ ਸਟੇਸ਼ਨ ਦਾ ਟਿਕਰ ਰੂਮ ਤੇ ਸਾਈਨ ਬੋਰਡ ਪਿੰਡ ਦੀ ਵਿਰਾਸਤ ਵਜੋਂ ਕਾਇਮ ਰਹਿਣੇ ਚਾਹੀਦੇ ਨੇ।ਉਹਨਾਂ ਨੇ ਨਗਰ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਸੱਜਣਾਂ ਨੂੰ ਬੇਨਤੀ ਕੀਤੀ ਹੈ ਕਿ ਪਿੰਡ ਦੇ ਇਸ ਕੀਮਤੀ ਇਤਿਹਾਸ ਨੂੰ ਬਚਾਉਣ ਦਾ ਉਪਰਾਲਾ ਕਰਨ ਖ਼ਾਤਰ ਛੇਤੀ ਹੀ ਨਗਰ ਨਿਵਾਸੀਆਂ ਦੀ ਮੀਟਿੰਗ ਬੁਲਾਉਣ। ਰੇਲਵੇ ਸਟੇਸ਼ਨ ਕਾਇਮ ਕਰਨ ’ਚ ਮੁੱਢਲਾ ਯੋਗਦਾਨ ਪਾਉਣ ਵਾਲੇ ਕੈਪਟਨ ਹਰਚਰਨ ਸਿੰਘ ਬੇਟੇ ਕਿਰਪਾਲ ਸਿੰਘ ਭੱਠਲ ਨੇ ਕਿਹਾ ਕਿ ਸਟੇਸ਼ਨ ਦੀ ਬਿਲਡਿੰਗ ਨਗਰ ਦੀ ਪ੍ਰਾਪਰਟੀ ਹੈ, ਪਿੰਡ ਵਾਸੀਆਂ ਨੇ 1958 ’ਚ ਆਪਣੇ ਖ਼ਰਚੇ ਤੇ ਇਹਦੀ ਉਸਾਰੀ ਕੀਤੀ ਸੀ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹਨੂੰ ਪਿੰਡ ਦੀ ਵਿਰਾਸਤ ਵਜੋਂ ਕਾਇਮ ਰੱਖਣ ਖ਼ਾਤਰ ਪੰਚਾਇਤ ਦੇ ਸਪੁਰਦ ਕਰੇ ਤੇ ਪੰਚਾਇਤ ਇਹਦੀ ਸਾਂਭ ਸੰਭਾਲ ਵੀ ਕਰੇ। ਉਨ੍ਹਾਂ ਕਿਹਾ ਕਿ ਸਾਈਨ ਬੋਰਡਾਂ ਦਾ ਪਤਾ ਨਹੀਂ ਕਿ ਰੇਲਵੇ ਮਹਿਕਮਾਂ ਉਤਾਰ ਰਿਹਾ ਹੈ ਜਾਂ ਕੋਈ ਲੋਹਾ ਚੋਰ, ਉਨ੍ਹਾਂ ਕਿਹਾ ਕਿ ਇੰਨ੍ਹਾਂ ਬੋਰਡਾਂ ਨੂੰ ਲੋਹੇ ਦੇ ਖੜੇ ਪਿਲਰਾਂ ਨਾਲ ਵੈਲਡ ਕਰਾ ਦੇਣੇ ਚਾਹੀਦੇ ਹਨ ਤੇ ਫੇਰ ਮਹਿਕਮੇ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਮਹਿਕਮੇ ਨੇ ਇਹ ਸਕਰੈਪ ਸਮਝ ਕੇ ਵੇਚ ਦਿੱਤੇ ਹਨ ਤਾਂ ਇਹਨਾਂ ਕੀਮਤ ਭਰ ਕੇ ਇਹ ਬਰਕਰਾਰ ਰੱਖਣੇ ਚਾਹੀਦੇ ਹਨ।