ਗੁਰਦਾਸਪੁਰ, 1 ਫਰਵਰੀ : ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਜ਼ਿਲੇ ਗੁਰਦਾਸਪੁਰ ਦੇ ਦੌਰੇ ਦੌਰਾਨ ਗੁਰਦਾਸਪੁਰ ਪਹੁੰਚੇ ਅਤੇ ਸਰਹੱਦੀ ਖੇਤਰ ਦੇ ਲੋਕਾਂ ਅਤੇ ਪੰਚਾਂ ਸਰਪੰਚਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਰਹੱਦੀ ਜ਼ਿਲਿਆਂ ਅੰਦਰ ਨਸ਼ੇ ਦਾ ਪ੍ਰਕੋਪ ਬਹੁਤ ਚਿੰਤਾ ਦਾ ਵਿਸ਼ਾ ਹੈ। ਨਸ਼ਾ ਪਿਛਲੇ ਡੇਢ ਸਾਲ ਚ ਪਹਿਲਾਂ ਨਾਲੋਂ ਵੀ ਦੋਗੁਣਾ ਹੋਇਆ ਹੈ ਅਤੇ ਸਕੂਲੀ ਬੱਚਿਆਂ ਤੱਕ ਇਸ ਦਾ ਪਹੁੰਚਣਾ ਚਿੰਤਾ ਨੂੰ ਹੋਰ ਵਧਾ ਰਿਹਾ ਹੈ।ਬਾਰਡਰ ਦੇ ਨਾਲ ਲਗਦੇ ਛੇ ਜ਼ਿਲਿਆਂ ਦੀ ਹਾਲਤ ਜਿਆਦਾ ਖ਼ਰਾਬ ਹੈ।ਪਾਕਿਸਤਾਨ ਬਦਮਾਸ਼ੀਆਂ ਕਰਨ ਤੋਂ ਬਾਜ਼ ਨਹੀਂ ਆ ਰਿਹਾ ਕਿਉਂਕਿ ਉਸਨੂੰ ਪਤਾ ਹੈ ਕਿ ਭਾਰਤ ਨਾਲ ਉਹ ਸਿੱਧੀ ਲੜਾਈ ਨਹੀਂ ਲੜ ਸਕਦਾ ਇਸਲਈ ਨਸ਼ਾ ਅਤੇ ਹਥਿਆਰ ਸਪਲਾਈ ਕਰ ਕੇ ਪੀੜੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਭਰ ਰਿਹਾ ਹੈ ਅਤੇ ਇਸ ਦਾ ਬਹਾਦਰੀ ਭਰਿਆ ਤੇ ਗੌਰਵਸ਼ਾਲੀ ਇਤਿਹਾਸ ਹੈ, ਜਿਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਨਸ਼ੇ ਦੇ ਖਿਲਾਫ ਲੜਾਈ ਸਭ ਨੂੰ ਮਿਲ ਕੇ ਲੜਨੀ ਪਵੇਗੀ ਇਸ ਲਈ ਪੰਜਾਬੀਆਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਜਾਗਰੂਕ ਜਾਣ ਤਾਂ ਸਰਕਾਰਾਂ ਦਾ ਅੱਧਾ ਕੰਮ ਆਸਾਨ ਹੋ ਜਾਂਦਾ ਹੈ। ਪਾਕਿਸਤਾਨ ਵੱਲੋਂ ਆਪਣੀ ਗਤੀਵਿਧੀਆਂ ਨੂੰ ਡਰੋਨ ਰਾਹੀਂ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਬਾਰਡਰ ਤੇ ਡਰੋਨ ਗਤੀਵਿਧੀਆਂ ਰੋਕਣ ਲਈ ਨਵਾਂ ਐਂਟੀ ਡਰੋਨ ਸਿਸਟਮ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵੱਡੀ ਸਮੱਸਿਆ ਇਸ ਵੇਲੇ ਸਰਹੱਦੀ ਖੇਤਰ ਰਾਹੀਂ ਹੋ ਰਹੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਹੈ ਇਸ ਲਈ ਉਹ ਪੰਜਾਬ ਦੇ ਰਾਜਪਾਲ ਹੋਣ ਦੇ ਨਾਤੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਆਏ ਹਨ। ਉਨ੍ਹਾਂ ਦੇ ਦੌਰਿਆਂ ਨੂੰ ਸਿਆਸੀ ਦੌਰੇ ਦੇ ਰੂਪ ਵਿਚ ਨਾ ਵੇਖਿਆ ਜਾਵੇ।