ਦੂਜੇ ਸੈਨਿਕਾਂ ਦੀ ਤਰ੍ਹਾਂ ਅਗਨੀਵੀਰਾਂ ਨੂੰ ਮਿਲੇ ਸਨਮਾਨ : ਰਾਜਾ ਵੜਿੰਗ  

ਚੰਡੀਗੜ੍ਹ, 23 ਜੁਲਾਈ 2024 : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਸਦ ਵਿੱਚ ਅਗਨੀਵੀਰ ਸ਼ਹੀਦਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਆਮ ਸੈਨਾ ਦੀ ਤਰ੍ਹਾਂ ਅਗਨੀਵੀਰ ਸ਼ਹੀਦਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਉੱਥੇ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਦੁਆਰਾ ਪੰਜਾਬ ਲਈ ਕੀਤਾ ਜਾਣ ਵਾਲੇ ਵਿਤਕਰੇ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਉਹ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਂਦੇ ਹਨ ਤਾਂ ਉਸ ਝੰਡੇ ਨੂੰ ਲਹਿਰਾਉਣ ਦੇ ਪਿੱਛੇ ਪੰਜਾਬ ਦੇ ਹਜ਼ਾਰਾਂ ਲੋਕਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਤਾਂ ਹੀ ਜਾ ਕੇ ਇਹ ਖੁਸ਼ਕਿਸਮਤੀ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਸ਼ਹਾਦਤ ‘ਤੇ ਮਾਣ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸਾਨਾਂ ਤੇ ਜਵਾਨਾਂ ਦੀ ਧਰਤੀ ਤੋਂ ਆਉਂਦੇ ਹਨ। ਜਵਾਨਾਂ ਦੀ ਗੱਲ ਰਾਹੁਲ ਗਾਂਧੀ ਨੇ ਕੀਤੀ ਹੈ, ਪਰ ਵਿਰੋਧੀ ਧਿਰ ਨੇ ਉਸ ਨੂੰ ਘੁਮਾਉਣ ਦਾ ਕੰਮ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਗਨਵੀਰ ਸ਼ਹੀਦ ਨੂੰ ਸ਼ਹੀਦ ਦਾ ਦਰਜ਼ਾ ਇਸ ਦੇਸ਼ ਵਿੱਚ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕਈ ਵਾਰ ਲੱਗਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਪੰਜਾਬ ਨੂੰ ਭੁੱਲ ਗਈ ਹੈ। ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਹਿੰਦੁਸਤਾਨ ਦੇ ਨਕਸ਼ੇ ‘ਤੇ ਪੰਜਾਬ ਹੈ ਵੀ ਜਾਂ ਨਹੀਂ। ਰਾਜਾ ਵੜਿੰਗ ਨੇ ਇਸ ਦੇ ਨਾਲ ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਮੁੱਦਾ ਵੀ ਸੰਸਦ ਵਿੱਚ ਚੁੱਕਿਆ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ‘ਤੇ ਬੋਲਦੇ ਹੋਏ ਕਿਹਾ ਕਿ ਇਸ ਮੁੱਦੇ ‘ਤੇ ਪਹਿਲ ਦੇ ਆਧਾਰ ਦੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਕਤਲ ਦਾ ਇੱਕ ਆਰੋਪੀ ਅਜੇ ਤੱਕ ਵਿਦੇਸ਼ ਵਿੱਚ ਬੈਠਾ ਹੋਇਆ ਹੈ ਅਤੇ ਇੱਕ ਜੇਲ੍ਹ ਵਿੱਚ ਬੈਠ ਕੇ ਟੀਵੀ ‘ਤੇ ਇੰਟਰਵਿਊ ਦੇ ਰਿਹਾ ਹੈ।