ਕੱਲ੍ਹ ਤੋਂ ਮੁੜ ਖੁਲ੍ਹੇਗਾ ਛੱਤਬੀੜ ਚਿੜੀਆਘਰ

ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਛੱਤਬੀੜ ਚਿੜੀਆਘਰ ਸਮੇਤ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਨੀਲੋਂ ਸਥਿਤ ਚਿੜੀਆਘਰਾਂ ਨੂੰ 20 ਜੁਲਾਈ ਤੋਂ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ| ਇਹ ਜਾਣਕਾਰੀ ਦਿੰਦਿਆਂ ਛੱਤਬੀੜ ਚਿੜੀਆਘਰ ਦੇ ਡਾਇਰੈਕਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਚਿੜੀਆਘਰ ਕੋਵਿਡ ਤੋਂ ਬਚਾਅ ਲਈ ਕੁਝ ਸ਼ਰਤਾਂ ਅਨੁਸਾਰ ਹੀ ਆਮ ਦਰਸ਼ਕਾਂ ਲਈ ਖੋਲ੍ਹੇ ਜਾਣਗੇ| ਉਨ੍ਹਾਂ ਦੱਸਿਆ ਕਿ ਛੱਤਬੀੜ ਤੇ ਦੂਜੇ ਚਿੜੀਆਘਰ ਹਫ਼ਤੇ ਵਿਚ 6 ਦਿਨ (ਸੋਮਵਾਰ ਨੂੰ ਬੰਦ) ਲੋਕਾਂ ਲਈ ਸਵੇਰੇ 9:30 ਵਜੇ ਤੋਂ ਸ਼ਾਮ ਦੇ 4:30 ਵਜੇ ਤੱਕ ਖੁੱਲ੍ਹਣਗੇ | ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਦਰਸ਼ਕਾਂ ਦਾ ਪ੍ਰਵੇਸ਼ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਅਤੇ 11:30 ਵਜੇ ਤੱਕ ਵਧ ਤੋਂ ਵਧ 1800 ਦਰਸ਼ਕ ਹੀ ਅੰਦਰ ਦਾਖ਼ਲ ਹੋ ਸਕਣਗੇ | ਉਨ੍ਹਾਂ ਦੱਸਿਆ ਕਿ ਚਿੜੀਆਘਰ 'ਚ ਦਾਖ਼ਲੇ ਲਈ ਟਿਕਟ ਆਨਲਾਈਨ ਬੁੱਕ ਕੀਤੀ ਜਾ ਸਕਦੀ ਹੈ, ਜਿਸ ਲਈ ਇਕ ਲਿੰਕ ਵੈੱਬਸਾਈਟ (chhatbhir੍ਰoo.gov.in) 'ਤੇ ਪ੍ਰਦਾਨ ਕੀਤਾ ਗਿਆ ਹੈ |