ਝੀਂਡਾ ਤੇ ਦਾਦੂਵਾਲ ਦੀ ਹੋਈ ਸਾਂਝੀ ਮੀਟਿੰਗ

ਕੁਰੂਕਸ਼ੇਤਰ : ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੁੰ ਜਾਇਜ਼ ਠਹਿਰਾਉਣ ਤੋਂ ਮਗਰੋਂ ਦੋ ਦਿਨਾਂ ਦੀ ਸ਼ਬਦੀ ਜੰਗ ਮਗਰੋਂ ਅੱਜ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਉਹਨਾਂ ਦੇ ਵਿਰੋਧੀ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਧੜਿਆਂ ਦੀ ਸਾਂਝੀ ਮੀਟਿੰਗ ਇਥੇ ਹੋਈ ਜਿਸ ਵਿਚ ਕਮੇਟੀ ਦੇ ਮਾਮਲੇ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ’ਤੇ ਛੱਡ ਦਿੱਤਾ ‌ਗਿਆ। ਦੋਵਾਂ ਗਰੁੱਪਾਂ ਵਿਚ ਇਸ ਗੱਲ ਨੂੰ ਲੈ ਕੇ ਸਹਿਮਤੀ ਹੋਈ ਕਿ ਆਪਸੀ ਮਤਭੇਦ ਪਾਸ ਕੇ ਕੇ ਹਰਿਆਣਾ ਵਿਚਲੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਆਪਣੇ ਹੱਥ ਵਿਚ ਲਿਆ ਜਾਵੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਜਬਰੀ ਕਿਸੇ ਵੀ ਗੁਰੂ ਘਰ ’ਤੇ ਕਬਜ਼ੇ ਵਿਰੁੱਧ ਹਰਿਆਣਾ ਕਮੇਟੀ ਆਗੂਆਂ ਨੁੰ ਚੇਤਾਵਨੀ ਦਿੱਤੀ ਹੈ। ਦਾਦੂਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾਕਿ  ਅਸੀਂ ਆਪਣੇ ਆਪਸੀ ਮਤਭੇਦ ਪਾਸੇ ਰੱਖ ਕੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲਣ ’ਤੇ ਧਿਆਨ ਦੇਣ ਦਾ ਫੈਸਲਾ ਲਿਆ ਹੈ। ਅਸੀਂ ਹੁਣ ਵੇਖਾਂਗੇ ਕਿ ਹਰਿਆਣਾ ਸਰਕਾਰ ਸੁਪਰੀਮ ਕੋਰਟ ਦਾ ਫੈਸਲਾ ਕਿਵੇਂ ਲਾਗੂ ਕਰਵਾਉਂਦੀ ਹੈ। ਦਾਦੂਵਾਲ ਨੇ ਇਹ ਵੀ ਕਿਹਾ ਕਿ ਅਸੀਂ ਜ਼ਬਰੀ ਕਿਸੇ ਗੁਰਦੁਆਰਾ ਸਾਹਿਬਾਨ ਦਾ ਕੰਟਰੋਲ ਆਪਣੇ ਹੱਥ ਵਿਚ ਨਹੀਂ ਲਵਾਂਗੇ ਬਲਕਿ ਜਿਥੇ ਮੈਨੇਜਮੈਂਟ ਸਾਨੂੰ ਪ੍ਰਬੰਧ ਸੌਂਪੇਗੀ, ਉਥੇ ਪ੍ਰਬੰਧ ਆਪਣੇ ਹੱਥਾਂ ਵਿਚ ਲਵਾਂਗੇ। ਉਹਨਾਂ ਦੱਸਿਆ ਕਿ ਹੁਣ ਤੱਕ ਸਿਰਸਾ, ਰਤੀਆ, ਤਰੋੜੀ, ਰੇਵਾੜੀ ਤੇ ਹੋਰ ਭਾਗਾਂ ਵਿਚ ਹੁਣ ਤੱਕ 10 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਾਨੂੰ ਪ੍ਰਬੰਧ ਸੌਂਪਣ ਦੀ ਪੇਸ਼ਕਸ਼ ਕੀਤੀ ਹੈ।