ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਪਿੰਡ ਮਨਸੂਰਪੁਰ (ਗੁਰਾਇਆ) ਵਿਖੇ ਬੇਅਦਬੀ ਦੀ ਘਟਨਾ, ਮੁਲਜਮ ਕਾਬੂ

ਗੁਰਾਇਆ : ਜ਼ਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਮੁਲਜਮ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ ਦੇ ਗ੍ਰੰਥੀ ਪਰਮਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਸਮੇਂ ਕਰੀਬ 5 ਵਜੇ ਦਰਬਾਰ ਸਾਹਿਬ ’ਚ ਦਾਖ਼ਲ ਹੋਏ ਤਾਂ ਦੇਖਿਆ ਕਿ ਦੋ ਮੁਲਜਮ ਅੰਦਰ ਸਨ। ਉਨਾਂ ਵਲੋਂ ਹਿੰਮਤ ਕਰਕੇ ਇਕ ਦੋਸ਼ੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਖ਼ਬਰ ਨੂੰ ਸੁਣ ਕੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਗੁਰੂ ਘਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਕਾਬੂ ਕੀਤੇ ਮੁਲਜਮ ਨੂੰ ਪੁਲਿਸ ਹਵਾਲੇ ਕਰਨ ਤੋਂ ਮਨਾਂ ਕਰ ਰਹੀਆਂ ਸਨ। ਇਸ ਮੌਕੇ ਸਾਬਕਾ ਐਸ.ਜੀ.ਪੀ.ਸੀ.ਮੈਂਬਰ ਹਰਜਿੰਦਰ ਸਿੰਘ ਲੱਲੀਆਂ, ਸਰਵਨ ਸਿੰਘ ਕੁਲਾਰ, ਗਿਆਨੀ ਜਤਿੰਦਰ ਸਿੰਘ ਨੂਰਪੁਰੀ ਤੇ ਹਾਜ਼ਰ ਸੰਗਤ ਨੇ ਕਿਹਾ ਕਿ ਜਦ ਤੱਕ ਇਸ ਬੇਅਦਬੀ ਕਰਨ ਪਿੱਛੇ ਲੱਗੀਆਂ ਤਾਕਤਾਂ ਦਾ ਪਤਾ ਨਹੀਂ ਲੱਗਦਾ, ਤਦ ਤੱਕ ਉਹ ਮੁਲਜਮ ਨੂੰ ਪੁਲਿਸ ਹਵਾਲੇ ਨਹੀਂ ਕਰਨਗੀਆਂ। ਇਸ ਮੌਕੇ ਐਸ.ਐਸ.ਪੀ. ਜਲੰਧਰ ਦਿਹਾਤੀ ਸਵਪਨਦੀਪ ਸਿੰਘ ਭਾਰੀ ਪੁਲਿਸ ਸਮੇਤ ਗੁਰਦੁਆਰਾ ਸਾਹਿਬ ’ਚ ਪਹੁੰਚੇ । ਪੁਲਿਸ ਅਨੁਸਾਰ ਦੂਸਰੇ ਮੁਲਜਮ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਸੰਗਤ ਨੇ ਗੁਰੂ ਘਰ ਦੀ ਪਵਿੱਤਰਾ ਲਈ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।