ਪਿੰਡ ਲੀਲਕਲਾਂ ਦੇ ਵਿਖੇ ਸਰੋਵਰ ‘ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ

ਬਟਾਲਾ, 29 ਸਤੰਬਰ 2024 : ਬਟਾਲਾ ਦੇ ਨੇੜਲੇ ਪਿੰਡ ਲੀਲਕਲਾਂ ਵਿਖੇ ਗੁਰਦੁਆਰਾ ਮੱਕਾ ਸਾਹਿਬ ਵਿਖੇ ਐਤਵਾਰ ਸਵੇਰੇ ਤਕਰੀਬਨ 5:30 ਵਜੇ ਮੱਥਾ ਟੇਕਣ ਗਏ ਪਤੀ-ਪਤਨੀ ਦੀ ਸਰੋਵਰ ਵਿੱਚ ਇਸ਼ਨਾਨ ਕਰਨ ਸਮੇਂ ਡੁੱਬਣ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬਲਵੰਤ ਸਿੰਘ ਤੇ ਰਣਜੀਤ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਕੰਡੀਲੇ ਤੋਂ ਬਲਵੰਤ ਸਿੰਘ ਆਪਣੇ ਮੋਟਰਸਾਈਕਲ 'ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਗੁਰਦੁਆਰਾ ਮੱਕਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ। ਜਦੋਂ ਬਲਵੰਤ ਸਿੰਘ ਸਰੋਵਰ ਵਿਚ ਇਸ਼ਨਾਨ ਕਰਨ ਲਈ ਵੜਿਆ ਤਾਂ ਅਚਾਨਕ ਉਹ ਡੁੱਬਣ ਲੱਗ ਪਿਆ ਤਾਂ ਉਸ ਦੀ ਪਤਨੀ ਰਣਜੀਤ ਕੌਰ ਨੇ ਆਪਣੀ ਚੁੰਨੀ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਡੁੱਬ ਗਈ। ਬਲਵੰਤ ਸਿੰਘ ਪਿੰਡ ਵਿਚ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ ਤੇ ਉਸ ਦੇ ਤਿੰਨ ਬੱਚੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ। ਥਾਣਾ ਕਾਦੀਆਂ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।