- ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
- ਫਰੀਦਕੋਟ ਜੇਲ੍ਹ ਵਿੱਚ ਬੰਦ , ਜਸਪ੍ਰੀਤ ਕਾਲੀ ਹੈ ਮਾਸਟਰਮਾਈਂਡ , ਜੋ ਪਾਕਿ ਅਧਾਰਤ ਨਸ਼ਾ ਤਸਕਰਾਂ ਦੇ ਸੀ ਸਿੱਧੇ ਸੰਪਰਕ ਵਿੱਚ : ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ/ਅੰਮ੍ਰਿਤਸਰ : ਨਸ਼ਿਆਂ ਵਿਰੁੱਧ ਵਿੱਢੀ ਜੰਗ ਤਹਿਤ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਨੂੰ ਇੱਕ ਹੋਰ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਸੱਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰੋਂ ਚਲਾਏ ਜਾ ਰਹੇ ਇੱਕ ਵੱਡੇ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆ ਵਿੱਚ ਤਿੰਨ ਡਿਲੀਵਰੀ ਕਰਨ ਵਾਲੇ ਅਤੇ ਚਾਰ ਰਿਸੀਵਰ ਹਨ ਅਤੇ ਇਨਾਂ ਕੋਲੋਂ 15 ਕਿਲੋਗ੍ਰਾਮ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਭਿੰਦਾ, ਨਰਿੰਦਰ ਸਿੰਘ ਅਤੇ ਰਣਜੋਧ ਸਿੰਘ ਉਰਫ ਜੋਧਾ ਸਾਰੇ ਵਾਸੀ ਪਿੰਡ ਹਰੂਵਾਲ ਗੁਰਦਾਸਪੁਰ ਅਤੇ ਰਾਜਦੀਪ ਸਿੰਘ, ਰਾਮ ਸਿੰਘ, ਜਸਪਾਲ ਸਿੰਘ ਅਤੇ ਰਾਜਵਿੰਦਰ ਕੌਰ ਸਾਰੇ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ ਦੋ ਕਾਰਾਂ ਨੂੰ ਵੀ ਜ਼ਬਤ ਕੀਤਾ ਹੈ ਜਿਹਨਾਂ ਵਿੱਚ ਇੱਕ ਸਵਿਫਟ ਡਿਜ਼ਾਇਰ ਕਾਰ (ਪੀਬੀ01-ਡੀ-0835) ਅਤੇ ਇੱਕ ਮਾਰੂਤੀ ਐਸਐਕਸ-4 (ਪੀਬੀ47-ਈ-7502) ਸ਼ਾਮਲ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਭਰੋਸੇਯੋਗ ਸੂਤਾਰਾਂ ਤੋਂ ਇਤਲਾਹ ਮਿਲੀ ਸੀ ਕਿ ਗੁਰਪਿੰਦਰ ਭਿੰਦਾ, ਨਰਿੰਦਰ ਅਤੇ ਰਣਜੋਧ ਜੋਧਾ ਨੇ ਹਾਲ ਹੀ ਵਿੱਚ ਪਿੰਡ ਹਰੂਵਾਲ ਦੇ ਇਲਾਕੇ ਵਿੱਚੋਂ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ ਹੈ, ਜੋ ਕਿ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਡਰੋਨ ਦੀ ਵਰਤੋਂ ਕਰਕੇ ਭੇਜੀ ਗਈ ਸੀ ਅਤੇ ਉਹਨਾਂ ਵਲੋਂ ਇਹ ਖੇਪ ਅੰਮ੍ਰਿਤਸਰ ਵਿੱਚ ਕਿਸੇ ਪਾਰਟੀ ਨੂੰ ਡਿਲੀਵਰ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਗੁਰਦਾਸਪੁਰ ਦੇ ਹਰੂਵਾਲ ਇਲਾਕੇ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 15 ਕਿਲੋ ਹੈਰੋਇਨ ਬਰਾਮਦ ਕੀਤੀ । ਉਹਨਾਂ ਅੱਗੇ ਕਿਹਾ ਕਿ ਇਹ ਖੇਪ ਡਰੋਨ ਰਾਹੀਂ ਛੇ ਗੇੜਿਆਂ ਵਿੱਚ 2.5 –2.5 ਕਿਲੋਗ੍ਰਾਮ ਵਜ਼ਨ ਦੇ ਹੈਰੋਇਨ ਪੈਕੇਟ ਵਿੱਚ ਭਾਰਤ ਪਹੁੰਚਾਈ ਗਈ ਸੀ। ਡੀਜੀਪੀ ਨੇ ਅੱਗੇ ਕਿਹਾ, “ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਗਾ ਦਾ ਜਸਪ੍ਰੀਤ ਸਿੰਘ ਉਰਫ਼ ਕਾਲੀ ਮਾਸਟਰ ਮਾਈਂਡ ਹੈ, ਜੋ ਕਿ ਇਸ ਸਮੇਂ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ ਅਤੇ ਵਟਸਐਪ ਰਾਹੀਂ ਪਾਕਿ ਸਥਿਤ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਹੈ ਅਤੇ ਜੇਲ੍ਹ ਵਿੱਚੋਂ ਇਸ ਡਰੱਗ ਕਾਰਟਲ ਨੂੰ ਚਲਾ ਰਿਹਾ ਸੀ।” ਉਹਨਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਵਲੋਂ ਜਲਦ ਹੀ ਉਸ ਨੂੰ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।