ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਕਿਸਾਨ ਬਨਾਮ ਵਪਾਰੀ ਅਤੇ ਸ਼ਹਿਰੀ ਬਨਾਮ ਪੇਂਡੂ ਦੀ ਲੜਾਈ ਵਿੱਚ ਉਲਝਾ ਰਹੀ ਹੈ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 20 ਮਾਰਚ 2025 : ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬੀਤੀ ਰਾਤ ਕਿਸਾਨਾਂ ਨੂੰ ਜਬਰੀ ਖਨੌਰੀ ਤੇ ਸੰਭੂ ਬਾਰਡਰ ਤੋਂ ਹਟਾਉਣ ਦੇ ਨਾਲ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਸਮੇਤ 700 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਕਾਰਵਾਈ ਨੂੰ ਲੈ ਕੇ ਕਿਸਾਨਾਂ ਵਿੱਚ ਪੰਜਾਬ ਸਰਕਾਰ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਸਰਕਾਰ ਦੀ ਇਸ ਕਾਰਵਾਈ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਆਪਣਾ ਵਿਰੋਧ ਜਤਾਇਆ ਜਾ ਰਿਹਾ ਹੈ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਸ਼ਲ਼ ਮੀਡੀਆ ਅਕਾਊਂਟ ਤੇ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਅੱਜ ਸਾਰਾ ਪੰਜਾਬ ਵੇਖ ਰਿਹਾ ਹੈ ਕਿ ਕਿਵੇਂ ਆਪਣਾ ਭ੍ਰਿਸ਼ਟਾਚਾਰ ਅਤੇ ਨਲਾਇਕੀ ਛੁਪਾਉਣ ਲਈ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਕਿਸਾਨ ਬਨਾਮ ਵਪਾਰੀ ਅਤੇ ਸ਼ਹਿਰੀ ਬਨਾਮ ਪੇਂਡੂ ਦੀ ਲੜਾਈ ਵਿੱਚ ਉਲਝਾ ਰਹੀ ਹੈ। ਮੁੱਦਾ ਕਿਸਾਨੀ ਜਾਂ ਵਪਾਰ ਨਹੀਂ, ਲੁਧਿਆਣੇ ਤੋਂ ਦਿੱਲੀ ਦੇ ਭਗੌੜੇ ਕੇਜਰੀਵਾਲ ਦੇ ਚਹੇਤੇ ਨੂੰ ਜਿਤਾਉਣਾ ਹੈ ਤੇ ਕੇਜਰੀਵਾਲ ਨੂੰ ਰਾਜ ਸਭਾ ਵਿਚ ਭੇਜਣਾ ਹੈ। ਇਸ ਲਈ ਸਾਰੀਆਂ ਨੈਤਿਕ ਕਦਰਾਂ - ਕੀਮਤਾਂ ਛਿੱਕੇ ਟੰਗ ਕੇ ਭਗਵੰਤ ਮਾਨ ਨੇ ਸਿਰਫ਼ ਕਿਸਾਨਾਂ ਦੀ ਹੀ ਨਹੀਂ, ਪੂਰੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੰਜਾਬੀਓ, ਸਾਵਧਾਨ ਰਹੋ। ਕੋਈ ਵਪਾਰੀ ਕਿਸੇ ਕਿਸਾਨ ਦਾ ਵਿਰੋਧੀ ਨਹੀਂ। ਕੋਈ ਕਿਸਾਨ ਕਿਸੇ ਵਪਾਰੀ ਦਾ ਵੈਰੀ ਨਹੀਂ। ਇਸ ਸਰਕਾਰ ਨੇ ਸਭ ਨਾਲ ਸਮੇਂ ਸਮੇਂ ਸਿਰ ਧੋਖਾ ਕੀਤਾ ਹੈ। ਸੁਚੇਤ ਰਹੋ, ਇੱਕ ਰਹੋ। ਇੱਕ ਦੂਜੇ ਦੀ ਹਾਰਨ 'ਤੇ ਜਿੱਤ ਨਾ ਮਨਾਓ, ਸਗੋਂ ਇਨਕਲਾਬ ਅਤੇ ਬਦਲਾਅ ਦੇ ਝੂਠੇ ਨਾਹਰਿਆਂ ਨਾਲ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਦੀਆਂ ਪੌੜੀਆਂ ਚੜ੍ਹੇ ਇਹਨਾਂ ਸਾਰੇ ਧੋਖੇਬਾਜ਼ਾਂ ਤੋਂ ਹਿਸਾਬ ਮੰਗੋ।