ਅਕਾਲੀ ਦਲ ਆਪਣੀ ਪੰਥਕ ਸ਼ਕਤੀ ਗੁਆ ਚੁੱਕਾ ਹੈ ਅਤੇ ਮੁੜ ਪੁਨਰਸੁਰਜੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਹੀ ਹੋ ਸਕਦੀ ਹੈ : ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ

ਰਾਏਕੋਟ, 15 ਫਰਵਰੀ 2025 : ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਨੇੜਲੇ ਪਿੰਡ ਭੈਣੀ ਬੜਿੰਗਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਪੁੱਜੇ। ਜਿੱਥੇ ਉਨ੍ਹਾਂ ਦਾ ਭਾਈ ਬਲਜੀਤ ਸਿੰਘ ਅਮਰੀਕਾ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨਾਲ ਪੰਥਕ ਮਸਲਿਆਂ ਤੇ ਵਿਚਾਰਾਂ ਕਰਦਿਆਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦਿਆਂ ਵੱਧ ਚੜ੍ਹ ਕੇ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਭਰਤੀ ਲਈ ਲਾਮਬੰਦ ਹੋਣ ਲਈ ਕਿਹਾ ਗਿਆ। ਉਨ੍ਹਾਂ ਕੱਲ੍ਹ ਹੋਣ ਸੱਤ ਮੈਂਬਰੀ ਕਮੇਟੀ ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਤੋਂ ਉਲਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਭਰਤੀ ਨੂੰ ਰੱਦ ਕਰਦਿਆਂ ਆਪਣੇ ਵੱਲੋਂ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਪਿੰਡ ਪਿੰਡ ਅੰਦਰ ਅਕਾਲੀ ਦਲ ਦੀ ਭਰਤੀ ਲਈ ਕਰਨ ਬਾਰੇ ਕਿਹਾ। ਉਨ੍ਹਾਂ ਕਿਹਾ ਜੇਕਰ ਕੱਲ੍ਹ ਦੀ ਮੀਟਿੰਗ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹਾਜ਼ਿਰ ਨਹੀਂ ਹੁੰਦੇ ਤਾਂ ਸੱਤ ਮੈਂਬਰੀ ਕਮੇਟੀ ਸ੍ਰੀ ਆਕਾਲ ਤਖ਼ਤ ਤੋਂ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਭਗੌੜਾ ਕਰਾਰ ਦੇਣ ਲਈ ਬੇਨਤੀ ਕਰੋ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਪੰਥਕ ਸ਼ਕਤੀ ਗੁਆ ਚੁੱਕਾ ਹੈ ਅਤੇ ਮੁੜ ਅਕਾਲੀ ਦਲ ਦੀ ਪੁਨਰਸੁਰਜੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਹੀ ਹੋ ਸਕਦੀ ਹੈ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੌਜੂਦਾ ਅਕਾਲੀ ਦਲ ਦੇ ਨਿਘਾਰ ਬਾਰੇ ਪੁੱਛਦਿਆਂ ਹੋਇਆ ਉਨ੍ਹਾਂ ਵੱਲੋਂ ਮੌਜੂਦਾ ਸਿੱਖ ਸਿਆਸਤ ਦਾ ਸਰਗਰਮ ਹਿੱਸਾ ਬਣਨ ਨੁਮਾਇੰਦਗੀ ਜਾਂ ਅਕਾਲੀ ਦਲ ਦਾ ਕੋਈ ਹੋਰ ਬਦਲ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਪੁਰਖ ਆਪਣੇ ਪੰਥ ਦਾ ਆਪ ਰਾਖਾ ਹੈ ਅਤੇ ਜਲਦ ਹੀ ਸ੍ਰੀ ਆਕਾਲ ਤਖਤ ਸਾਹਿਬ ਦੀ ਆਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਮੁੜ ਪੈਰਾਂ ਸਿਰ ਹੋਣ ਦੀ ਸੰਭਾਵਨਾ ਜਤਾਈ। ਇਸ ਮੌਕੇ ਭੈਣੀ ਬੜਿੰਗਾ ਦੇ ਸਰਪੰਚ ਬੀਬੀ ਸਰਬਜੀਤ ਕੌਰ, ਪੰਥਕ ਅਕਾਲੀ ਆਗੂ ਡਾਇਰੈਕਟਰ ਜਗਤਾਰ ਸਿੰਘ, ਅਕਾਲੀ ਆਗੂ ਗੁਰਦੀਪ ਸਿੰਘ ਬਸਰਾਓਂ, ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਭੈਣੀ ਬੜਿੰਗਾ, ਜਸਵਿੰਦਰ ਸਿੰਘ ਲਾਡੀ , ਬਲਦੇਵ ਸਿੰਘ,ਰਾਮ ਪਿਆਰਾ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ ਲੱਖਾ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਜੋਗਿੰਦਰ ਸਿੰਘ, ਇਕਬਾਲ ਸਿੰਘ ਬਾਲੀ, ਬਚਨ ਕੌਰ, ਗੁਰਮੇਲ ਕੌਰ, ਮਾਸਟਰ ਅਮਰੀਕ ਸਿੰਘ, ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।