ਕੈਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਮਰਦਮਸ਼ੁਮਾਰੀ ਅਨੁਸਾਰ 942,170 ਹੋਈ

ਕੈਨੇਡਾ : ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵੱਲੋਂ ਇਹ ਸੂਚਨਾ ਸਾਂਝੀ ਕਰਦਿਆਂ ਬੜੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਕਿ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕਨੇਡਾ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 942,170 ਹੈ। ਇਹ ਗਿਣਤੀ 2021 ਨਾਲੋਂ ਕਾਫੀ ਵਧੀ ਹੈ। ਪਲੀ ਵੱਲੋਂ ਪੰਜਾਬੀ ਦੇ ਸਾਰੇ ਸ਼ੁੱਭਚਿੰਤਕਾਂ ਦਾ ਅਤੇ ਸਾਊਥ ਏਸ਼ੀਅਨ ਮੀਡੀਏ ਵੱਲੋਂ ਇਸ ਸਬੰਧ ਵਿਚ ਪੰਜਾਬੀਆਂ ਨੂੰ ਜਾਗ੍ਰਿਤ ਕਰਨ ਲਈ ਧੰਨਵਾਦ ਕੀਤਾ ਗਿਆ ਹੈ। ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਅਤੇ ਮੀਤ ਪ੍ਰਧਾਨ ਸਾਧੂ ਬਿਨਿੰਗ ਵੱਲੋਂ ਜਾਰੀ ਇਕ ਪ੍ਰੈਸ ਨੋਟ ਅਨੁਸਾਰ ਕਨੇਡਾ ਦੀ ਮਰਦਮਸ਼ੁਮਾਰੀ ਵਾਲਿਆਂ ਨੇ ਭਾਸ਼ਾ ਬਾਰੇ ਅੰਕੜੇ ਇਕੱਠੇ ਕਰਨ ਸਬੰਧੀ ਸਵਾਲਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਸੀ:- ਏ) ਪੰਜਾਬੀ ਨੂੰ ਮਾਂ-ਬੋਲੀ ਵਜੋਂ ਬੋਲਣ ਵਾਲੇ; ਬੀ) ਘਰ ਵਿੱਚ ਬਹੁਤਾ ਸਮਾਂ ਪੰਜਾਬੀ ਬੋਲਣ ਵਾਲੇ ਅਤੇ -ਸੀ) ਕਨੇਡਾ ਦੀਆਂ ਨਾਨ-ਆਫੀਸ਼ੀਅਲ ਬੋਲੀਆਂ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਜਾਣਕਾਰੀ ਰੱਖਣ ਵਾਲੇ। ਇਨ੍ਹਾਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ - ਏ) 763,785 (ਜੋ 2016 ਨਾਲੋਂ 40.5% ਵੱਧ ਹੈ), ਬੀ) 827,150 (ਜੋ 2016 ਨਾਲੋਂ 45% ਵੱਧ ਹੈ), ਸੀ) 942,170 (ਜੋ 2016 ਨਾਲੋਂ 41% ਵੱਧ ਹੈ)।ਕਨੇਡਾ ਦੀ 2021 ਦੀ ਮਰਦਮਸ਼ੁਮਾਰੀ ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਮਈ 10, 2021 ਵੇਲੇ ਓਨਟਾਰੀਓ ਸੂਬੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 397,865 ਹੈ ਜੋ ਕਨੇਡਾ ਵਿੱਚ ਸਭ ਤੋਂ ਵੱਧ ਹੈ। ਦੂਜੇ ਨੰਬਰ ’ਤੇ ਬੀ ਸੀ ਸੂਬਾ ਹੈ ਜਿੱਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 315,000 ਹੈ ਅਤੇ ਤੀਜੇ ਨੰਬਰ ’ਤੇ ਅਲਬਰਟਾ ਸੂਬਾ ਹੈ ਜਿੱਥੇ 126,365 ਪੰਜਾਬੀ ਬੋਲਣ ਵਾਲੇ ਰਹਿੰਦੇ ਹਨ।ਦੋਹਾਂ ਆਗੂਆਂ ਨੇ ਕਿਹਾ ਹੈ ਕਿ ਪਲੀ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਪਿਛਲੇ ਸਾਲ ਮਰਦਮਸ਼ੁਮਾਰੀ ਵੇਲੇ ਪਲੀ ਵਲੋਂ ਪੰਜਾਬੀ ਪ੍ਰੇਮੀਆਂ ਨੂੰ ਮਰਦਮਸ਼ੁਮਾਰੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਚਲਾਈ ਮੁਹਿੰਮ ਨੂੰ ਹਾਂ-ਪੱਖੀ ਹੁੰਗਾਰਾ ਮਿਲ਼ਿਆ। ਇਸ ਹੁੰਗਾਰੇ ਲਈ ਸਾਰਾ ਪੰਜਾਬੀ ਭਾਈਚਾਰਾ ਅਤੇ ਸਾਊਥ ਏਸ਼ੀਅਨ ਮੀਡੀਆ ਵੀ ਧੰਨਵਾਦ ਅਤੇ ਵਧਾਈ ਦਾ ਹੱਕਦਾਰ ਹੈ।