ਫਤਿਹਾਬਾਦ, 20 ਨਵੰਬਰ : ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਨਾਗਪੁਰ ਨਜ਼ਦੀਕ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਸਕੂਲ ਵਿੱਚ ਛੁੱਟੀ ਹੋਣ ਕਾਰਨ ਵਿਆਹ ਸਮਾਗਮ ਵਿੱਚ ਵੇਟਰ ਵਜੋਂ ਕੰਮ ਕਰਨ ਲਈ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਇੱਕ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ। ਇਸ ਘਟਨਾਂ ਕਾਰਨ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ। ਮ੍ਰਿਤਕਾਂ ਦੀ ਪਹਿਚਾਣ ਜੱਸ (18) ਅਤੇ ਅਕਾਸ਼ਦੀਪ ਸਿੰਘ (17) ਸਰਦੂਲਗੜ੍ਹ ਦੇ ਪਿੰਡ ਹੀਰਕਾ ਦੇ ਵਾਸੀ ਸਨ, ਦੋਵੇਂ ਨੌਜਵਾਨ ਪਿੰਡ ਦੇ ਸਰਕਾਰੀ ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੇ ਸਨ। ਜਦੋਂ ਵੀ ਦੋਵੇਂ ਵਿਹਲੇ ਹੁੰਦੇ ਸਨ ਜਾਂ ਸਕੂਲ ਵਿੱਚ ਛੁੱਟੀ ਹੁੰਦੀ ਸੀ ਤਾਂ ਵੇਟਰ ਵਜੋਂ ਕੰਮ ਕਰਦੇ ਸਨ। ਬੀਤੇ ਦਿਨ ਸਕੂਲ ਵਿੱਚ ਛੂੱਟੀ ਹੋਣ ਕਾਰਨ ਉਹ ਪਿੰਡ ਨਾਗਪੁਰ (ਫਤਿਹਾਬਾਦ) ਵਿੱਚ ਇੱਕ ਵਿਆਹ ਸਮਾਗਮ ਵਿੱਚ ਕੰਮ ਕਰਨ ਲਈ ਗਏ ਸਨ। ਪਤਾ ਲੱਗਾ ਹੈ ਕਿ ਦੇਰ ਰਾਤ ਸਮਾਗਮ ਖਤਮ ਹੋਣ ਤੋਂ ਬਾਅਦ ਦੋਵੇਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂੰ ਆ ਰਹੇ ਸਨ ਕਿ ਉਨ੍ਹਾਂ ਦੇ ਮੋਟਰਸਾਈਕਲ ਨੁੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਨੂੰ ਜਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਫਤਿਹਾਬਾਦ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਜੱਸੀ ਨੇ ਦਮਤੋੜ ਦਿੱਤਾ ਅਤੇ ਅਕਾਸ਼ਦੀਪ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਅਗਰੋਹਾ ਮੈਡੀਕਲ ਕਾਲਜ ਵਿਖੇ ਰੈਫਰ ਕਰਦਿੱਤਾ ਗਿਆ। ਜਿੱਥੇ ਉਸਦੀ ਵੀ ਮੌਤ ਹੋ ਗਈ। ਇਸ ਘਟਨਾਂ ਸਬੰਧੀ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜੱਸੀ ਦੋ ਭੈਣਾਂ ਦਾ ਭਰਾ ਸੀ ਤੇ ਅਕਾਸ਼ਦੀਪ ਮਾਪਿਆਂ ਦਾ ਇਕਲੌਤਾ ਪੁੱਤ ਸੀ।