ਮਾਰਾਪਲਮ, 1 ਅਕਤੂਬਰ : ਤਾਮਿਲਨਾਡੂ ਦੇ ਮਾਰਾਪਲਮ ਨੇੜੇ ਬੀਤੀ ਰਾਤ ਇੱਕ ਟੂਰਿਸਟ ਬੱਸ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਸਾਰੇ ਜ਼ਖਮੀਆਂ ਨੂੰ ਕੂਨੂਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਨੀਲਗਿਰੀ ਜ਼ਿਲ੍ਹੇ ਦੇ ਕੁਨੂਰ ਨੇੜੇ ਵਾਪਰਿਆ। ਬੱਸ ਵਿੱਚ ਕੁੱਲ 60 ਯਾਤਰੀ ਸਵਾਰ ਸਨ। ਬੱਸ ਯਾਤਰੀਆਂ ਨੂੰ ਲੈ ਕੇ ਕੁਨੂਰ ਤੋਂ ਟੇਨਕਸੀ ਜਾ ਰਹੀ ਸੀ। ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਅਤੇ 5 ਆਦਮੀ ਸ਼ਾਮਲ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਬੱਸ ਡਰਾਈਵਰ ਨੇ ਸਟੇਅਰਿੰਗ ‘ਤੇ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਖਾਈ ‘ਚ ਜਾ ਡਿੱਗੀ। ਸਾਰੇ ਜ਼ਖਮੀਆਂ ਨੂੰ ਰੱਸੇ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਕੋਇੰਬਟੂਰ ਜ਼ੋਨ ਦੇ ਡੀਆਈਜੀ ਨੇ ਦੱਸਿਆ ਕਿ ਹਾਦਸੇ ਦੌਰਾਨ ਬੱਸ ਵਿੱਚ 60 ਲੋਕ ਸਵਾਰ ਸਨ। ਹਾਦਸੇ ਦੇ ਮੁੱਖ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੁਰਘਟਨਾ ਦੀ ਸੂਚਨਾ ਲਈ ਫ਼ੋਨ ਲਾਈਨ 1077 ਲਗਾਈ ਹੈ। ਹਾਦਸੇ ਬਾਰੇ ਵਧੇਰੇ ਜਾਣਕਾਰੀ 04233-2450034 'ਤੇ ਵੀ ਉਪਲਬਧ ਹੋਵੇਗੀ। ਦੱਸਿਆ ਜਾਂਦਾ ਹੈ ਕਿ ਪੀੜਤ ਟੇਨਕਾਸੀ ਜ਼ਿਲ੍ਹੇ ਦੇ ਕਦਾਯਾਮ ਦੇ ਰਹਿਣ ਵਾਲੇ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਘਰ ਪਰਤ ਰਿਹਾ ਸੀ। ਜ਼ਿਆਦਾਤਰ ਜ਼ਖ਼ਮੀਆਂ ਨੂੰ ਕੋਇੰਬਟੂਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ
ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਦੇ ਇਲਾਜ ਲਈ 1-1 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ 50,000 ਰੁਪਏ ਦਿੱਤੇ ਜਾਣਗੇ।