ਦਿੱਲੀ, 8 ਜੂਨ : ਆਈਐਮਡੀ ਨੇ ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੱਛਮੀ ਰਾਜਸਥਾਨ, ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ, ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਗਰਜ਼-ਤੂਫ਼ਾਨ ਦੇ ਨਾਲ ਧੂੜ ਭਰੀ ਹਨੇਰੀ ਆ ਸਕਦੀ ਹੈ। ਦੱਸ ਦਈਏ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲ ਰਹੀ ਹੈ। ਮਾਨਸੂਨ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 8 ਜੂਨ ਤੋਂ ਕਰਨਾਟਕ ਅਤੇ ਮਹਾਰਾਸ਼ਟਰ ਦੇ ਤੱਟ 'ਤੇ ਇਸ ਦੇ ਸਰਗਰਮੀ ਵਧਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਆਈਐਮਡੀ ਨੇ ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੱਛਮੀ ਰਾਜਸਥਾਨ, ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ, ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ ਗਰਜ਼-ਤੂਫ਼ਾਨ ਦੇ ਨਾਲ ਧੂੜ ਭਰੀ ਹਨੇਰੀ ਆ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਤੱਟਵਰਤੀ ਆਂਧਰਾ ਪ੍ਰਦੇਸ਼, ਉੱਤਰ-ਪੱਛਮੀ ਬੰਗਾਲ ਦੀ ਖਾੜੀ ਅਤੇ ਮੱਧ ਅਰਬ ਸਾਗਰ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਮਾਨਸੂਨ ਅਗਲੇ 2-3 ਦਿਨਾਂ ਵਿੱਚ ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਦੱਖਣੀ ਉੜੀਸਾ, ਦੱਖਣੀ ਛੱਤੀਸਗੜ੍ਹ ਅਤੇ ਉੱਤਰ ਪੱਛਮੀ ਬੰਗਾਲ ਦੀ ਖਾੜੀ ਦੇ ਬਾਕੀ ਹਿੱਸਿਆਂ ਵਿੱਚ ਪਹੁੰਚ ਜਾਵੇਗਾ। ਪੰਜਾਬ ਵਿਚ ਮਾਨਸੂਨ ਜੂਨ ਦੇ ਅਖੀਰ ਵਿਚ ਪਹੁੰਚ ਰਿਹਾ ਹੈ। ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਹੀਟ ਵੇਵ ਦੀ ਸੰਭਾਵਨਾ ਜਤਾਈ ਹੈ। ਨਾਲ ਹੀ ਇਸ ਸਬੰਧੀ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਦਿੱਲੀ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ ਐਤਵਾਰ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲਣ ਦੀ ਸੰਭਾਵਨਾ ਹੈ। ਸਕਾਈਮੇਟ ਵੈਦਰ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕਰਨਾਟਕ, ਕੇਰਲ ਦੇ ਕੁਝ ਹਿੱਸਿਆਂ, ਲਕਸ਼ਦੀਪ, ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ, ਮਰਾਠਵਾੜਾ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।