ਨਵੀਂ ਦਿੱਲੀ, 17 ਜਨਵਰੀ : ਪੰਜਾਬ ਅਤੇ ਹਰਿਆਣਾ ਸੰਘਣੀ ਧੁੰਦ ਦੀ ਲਪੇਟ ਵਿਚ ਹਨ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਹੋ ਗਈ। ਪਟਿਆਲਾ ਅਤੇ ਅੰਬਾਲਾ ਵਿੱਚ ਵਿਜ਼ੀਬਿਲਟੀ 25 ਮੀਟਰ ਅਤੇ ਹਿਸਾਰ ਵਿੱਚ 50 ਮੀਟਰ ਸੀ। ਮੌਸਮ ਵਿਭਾਗ ਨੇ ਹਰਿਆਣਾ ਵਿੱਚ ਲਗਾਤਾਰ 7 ਦਿਨ ਅਤੇ ਚੰਡੀਗੜ੍ਹ ਵਿੱਚ ਅਗਲੇ ਦੋ ਦਿਨਾਂ ਤੱਕ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਹਿਮਾਚਲ ‘ਚ ਤਾਪਮਾਨ ਆਮ ਨਾਲੋਂ ਘੱਟ ਹੈ। ਧੁੰਦ ਕਾਰਨ ਰੇਲਵੇ ਨੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਲਈ ਚੱਲਣ ਵਾਲੀ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਨੂੰ ਰੱਦ ਕਰ ਦਿੱਤਾ ਹੈ। ਕਈ ਦਿਨਾਂ ਤੋਂ ਧੁੰਦ ਕਾਰਨ ਸ਼ਤਾਬਦੀ ਰੇਲਗੱਡੀ ਨਿਰਧਾਰਤ ਸਮੇਂ ਤੋਂ 5 ਘੰਟੇ ਪਿੱਛੇ ਚੱਲ ਰਹੀ ਸੀ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਟਰੇਨ ਕੱਲ ਤੋਂ ਫਿਰ ਤੋਂ ਨਿਰਧਾਰਤ ਸਮੇਂ ‘ਤੇ ਚੱਲੇਗੀ। ਧੁੰਦ ਕਾਰਨ ਚੰਡੀਗੜ੍ਹ ਹਵਾਈ ਅੱਡੇ ਤੋਂ ਅੱਜ 3 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਨ੍ਹਾਂ ਵਿੱਚ ਚੰਡੀਗੜ੍ਹ ਤੋਂ ਦਿੱਲੀ ਲਈ ਫਲਾਈਟ ਨੰਬਰ 2177, ਚੰਡੀਗੜ੍ਹ ਤੋਂ ਮੁੰਬਈ ਲਈ ਫਲਾਈਟ ਨੰਬਰ 5263 ਅਤੇ ਚੰਡੀਗੜ੍ਹ ਤੋਂ ਬੈਂਗਲੁਰੂ ਲਈ ਫਲਾਈਟ ਨੰਬਰ 6634 ਸ਼ਾਮਲ ਹਨ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 7 ਜ਼ਿਲ੍ਹਿਆਂ ‘ਚ ਹੋਵੇਗਾ ਮੌਸਮ ਖ਼ਰਾਬ ਰਹੇਗਾ, ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ ਅਤੇ ਬਠਿੰਡਾ ਸ਼ਾਮਲ ਹਨ। ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹਰਿਆਣਾ ਦੇ 4 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਅੰਬਾਲਾ, ਕੈਥਲ, ਕੁਰੂਕਸ਼ੇਤਰ ਅਤੇ ਕਰਨਾਲ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਰਾਜਸਥਾਨ ਨਾਲ ਲੱਗਦੇ ਰੇਵਾੜੀ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੇ ਯਮੁਨਾਨਗਰ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਹੈ।