ਬਿਹਾਰ : ਬਿਹਾਰ ਵਿਚ ਦੁਰਗਾ ਪੂਜਾ ਮੇਲੇ ਵਿਚ ਜਲੇਬੀਆਂ ਤੇ ਸਮੋਸੇ ਖਾਣ ਨਾਲ ਕਈ ਪਿੰਡਾਂ ਦੇ ਲੋਕ ਬਿਮਾਰ ਹੋ ਗਏ। ਇਹ ਸਾਰੇ ਲੋਕ ਮੰਗਲਵਾਰ ਸ਼ਾਮ ਨੂੰ ਮੇਲੇ ਵਿਚ ਗਏ ਸਨ। ਰਾਤ ਅੱਠ ਵਜੇ ਤੋਂ ਹੀ ਮਰੀਜ਼ ਸਦਰ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ। ਇਸ ਮਾਮਲੇ ’ਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਲੋਕ ਅਰਵਲ ਜ਼ਿਲ੍ਹੇ ਦੇ ਓਲਦਾਜ਼ ਬਾਜ਼ਾਰ ਅਤੇ ਰੋਹਾਈ ਪਿੰਡ ’ਚ ਮੇਲਾ ਦੇਖਣ ਗਏ ਸਨ। ਓਲਦਾਜ਼ ਦੁਰਗਾ ਪੂਜਾ ਮੇਲੇ ’ਚ ਜ਼ਹਿਰੀਲਾ ਭੋਜਨ ਖਾਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ। ਉੱਥੇ ਹੀ ਜ਼ਹਿਰੀਲਾ ਭੋਜਨ ਖਾਣ ਕਾਰਨ ਉਲਟੀਆਂ, ਸਾਹ ਲੈਣ ’ਚ ਦਿੱਕਤ, ਦਰਜਨਾਂ ਲੋਕ ਸਦਰ ਹਸਪਤਾਲ ’ਚ ਆਉਣ ਲੱਗੇ। ਪਹਿਲਾਂ ਤਾਂ ਡਾਕਟਰਾਂ ਨੂੰ ਲੱਗਦਾ ਸੀ ਕਿ ਉਹ ਲੋਕਾਂ ਦਾ ਇਲਾਜ ਕਰ ਕੇ ਜਲਦੀ ਠੀਕ ਕਰ ਲੈਣਗੇ ਪਰ ਦੋ ਮਰੀਜ਼ਾਂ ਦੀ ਜਾਨ ਚਲੀ ਗਈ। ਦੇਰ ਰਾਤ ਤੋਂ ਹੀ ਸਦਰ ਹਸਪਤਾਲ ’ਚ ਜ਼ਹਿਰੀਲਾ ਭੋਜਨ ਖਾਣ ਨਾਲ ਬਿਮਾਰ ਹੋਏ ਲੋਕ ਆਉਣੇ ਸ਼ੁਰੂ ਹੋ ਗਏ ਸਨ। ਬੁੱਧਵਾਰ ਸਵੇਰੇ 10 ਵਜੇ ਤਕ ਇਨ੍ਹਾਂ ਦੀ ਗਿਣਤੀ ਵੱਧ ਕੇ 26 ਹੋ ਗਈ। ਖਦਸ਼ਾ ਹੈ ਕਿ ਸਮਾਂ ਬੀਤਣ ਨਾਲ ਹੋਰ ਮਰੀਜ਼ ਸਾਹਮਣੇ ਆ ਸਕਦੇ ਹਨ। ਹੋਰ ਹਸਪਤਾਲਾਂ ’ਚ ਵੀ ਕਈ ਲੋਕਾਂ ਦਾ ਇਲਾਜ ਹੋਣ ਦੀ ਚਰਚਾ ਹੈ। ਬਿਮਾਰ ਲੋਕਾਂ ਵਿਚ ਕਰਪੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੇਸ਼ਵਰ ਬੀਘਾ, ਬਾਜੀਤਪੁਰ ਅਤੇ ਬਾਰਾ ਰੋਹਾਈ ਦੇ ਵਸਨੀਕ ਸ਼ਾਮਿਲ ਹਨ। ਸਵੇਰੇ ਇਲਾਜ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਿ੍ਰਤਕਾਂ ਵਿਚ ਬਾਬੂਲਾਲ ਬਿੰਦ ਉਮਰ 40 ਸਾਲ ਤੇ ਗੌਤਮ ਕੁਮਾਰ 8 ਸਾਲ ਹਨ। ਦੋਵੇਂ ਪਿਓ-ਪੁੱਤ ਹਨ। ਬਿਮਾਰ ਲੋਕਾਂ ’ਚ 9 ਛੋਟੇ ਬੱਚੇ ਵੀ ਸ਼ਾਮਿਲ ਹਨ। ਕੁਝ ਔਰਤਾਂ ਵੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਪੁਰ ਚੌਰਮ ਥਾਣਾ ਖੇਤਰ ਦੇ ਪਿੰਡ ਇਟਾਵਾ ਦੇ ਰਹਿਣ ਵਾਲੇ 45 ਸਾਲਾ ਲਾਲਬਾਬੂ ਬਿੰਦ ਦੀ ਆਪਣੇ ਘਰ ’ਚ ਮੌਤ ਹੋ ਗਈ, ਜਦੋਂਕਿ ਉਸ ਦੇ 8 ਸਾਲਾ ਪੁੱਤਰ ਗੌਤਮ ਕੁਮਾਰ ਦੀ ਸਦਰ ਹਸਪਤਾਲ ਵਿਖੇ ਮੌਤ ਹੋ ਗਈ। ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਪਿਓ-ਪੁੱਤ ਓਲਦਾਜ਼ ਬਾਜਾਰ ’ਚ ਨੌਮੀ ਦਾ ਮੇਲਾ ਦੇਖਣ ਗਏ ਹੋਏ ਸਨ। ਰਾਤ ਨੂੰ ਦੋਵੇਂ ਬਿਮਾਰ ਹੋ ਗਏ। ਪਰਿਵਾਰ ਵਾਲੇ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੇ, ਉਦੋਂ ਤਕ ਘਰ ’ਚ ਪਿਤਾ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ’ਚ ਮਾਤਮ ਛਾ ਗਿਆ।ਇੱਥੋਂ ਦੇ ਪਿੰਡ ਰੋਹਾਈ ਵਿਚ ਦੁਰਗਾ ਪੂਜਾ ਮੇਲੇ ਵਿਚ ਖੇਦਰੂ ਬੀਘਾ, ਗਾਜ਼ੀਪੁਰ, ਬਾਰਾ, ਰੋਹਾਈ ਸਮੇਤ ਅੱਧੀ ਦਰਜਨ ਪਿੰਡਾਂ ਦੇ 14 ਬੱਚਿਆਂ ਸਮੇਤ 26 ਵਿਅਕਤੀਆਂ ਨੂੰ ਉਲਟੀਆਂ ਤੇ ਸਾਹ ਦੀ ਸਮੱਸਿਆ ਕਾਰਨ ਸਦਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਵਲ ਅਤੇ ਕਰਪੀ ਬਲਾਕ ਦੇ ਦਰਜਨਾਂ ਪਿੰਡਾਂ ਦੇ ਕਈ ਲੋਕ ਜ਼ਹਿਰੀਲੇ ਭੋਜਨ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਲੀਨਿਕ ਵਿਚ ਆਪਣਾ ਇਲਾਜ ਕਰਵਾ ਰਹੇ ਹਨ।