ਮੇਰਠ, 24 ਫਰਵਰੀ : ਉੱਤਰ ਪ੍ਰਦੇਸ਼ ਦੇ ਮੇਰਠ ‘ਚ ਇੱਕ ਕੋਲਡ ਸਟੋਰੇਜ ਦਾ ਲੈਂਟਰ ਡਿੱਗਣ ਕਰਕੇ 7 ਮਜ਼ਦੂਰਾਂ ਦੀ ਮੌਤ ਅਤੇ ਕਈ ਮਜ਼ਦੂਰਾਂ ਦੇ ਲੈਂਟਰ ਹੇਠ ਦਬੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਸਪਾ ਦੇ ਸਾਬਕਾ ਵਿਧਾਇਕ ਚੰਦਰਵੀਰ ਸਿੰਘ ਦੇ ਦੌਰਾਲਾ ‘ਚ ਇੱਕ ਕੋਲਡ ਸਟੋਰੇਜ ਦਾ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ, ਇਸ ਮੌਕੇ 35 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ, ਕਿ ਅਚਾਨਕ ਸਟੋਰੇਜ ਦਾ ਲੈਂਟਰ ਦਾ ਸ਼ਟਰ ਡਿੱਗ ਗਿਆ, ਜਿਸ ਕਾਰਨ ਸਾਰਾ ਮਲਬਾ ਹੇਠਾਂ ਕੰਮ ਕਰਦੇ ਮਜ਼ਦੂਰਾਂ ਤੇ ਆ ਡਿੱਗਾ। ਸੂਚਨਾ ਮਿਲਣ 'ਤੇ ਪੁਲਿਸ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤਕ 7 ਮਜ਼ਦੂਰਾਂ ਦੀ ਮਲਬੇ ਹੇਠ ਦੱਬ ਕੇ ਮੌਤ ਹੋ ਚੁੱਕੀ ਹੈ, ਜਦਕਿ ਬਾਕੀ ਗੰਭੀਰ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜੇਸੀਬੀ ਮਸ਼ੀਨ ਨਾਲ ਮਲਬਾ ਹਟਾਉਣ ਅਤੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਫਿਲਹਾਲ ਕੋਈ ਵੀ ਅਧਿਕਾਰੀ ਘਟਨਾਕ੍ਰਮ ਵਿੱਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਿਹਾ ਹੈ। ਕੋਲਡ ਸਟੋਰ ਹਾਦਸੇ ਤੋਂ ਬਾਅਦ ਚੰਦਰਵੀਰ ਦੀ ਸਿਹਤ ਵਿਗੜ ਗਈ ਹੈ, ਜਿਸ ਕਾਰਨ ਉਹ ਮੌਕੇ 'ਤੇ ਨਹੀਂ ਪਹੁੰਚ ਸਕਿਆ ਹੈ। ਕੋਲਡ ਸਟੋਰ ਦੇ ਮਾਲਕ ਚੰਦਰਵੀਰ ਸਿੰਘ ਦੀ ਬੇਟੀ ਮਨੀਸ਼ਾ ਅਹਲਾਵਤ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੇ ਅੱਜ ਹੀ ਕੋਲਡ ਸਟੋਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਸੂਚਨਾ ਮਿਲਣ 'ਤੇ ਮੇਰਠ ਦੇ ਐੱਸਐੱਸਪੀ ਅਤੇ ਕੇਂਦਰੀ ਰਾਜ ਮੰਤਰੀ ਸੰਜੀਵ ਬਲਿਆਨ ਮੌਕੇ 'ਤੇ ਪਹੁੰਚੇ। ਸੰਜੀਵ ਨੇ ਮੌਕੇ 'ਤੇ ਮੌਜੂਦ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਦੌਰਾਲਾ ਦੇ ਸੀਓ ਅਭਿਸ਼ੇਕ ਨੇ ਦੱਸਿਆ ਕਿ 5 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਹੁਣ ਤੱਕ 12 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਜੇਸੀਬੀ ਮਸ਼ੀਨ ਨਾਲ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ।