ਮਹਾਰਾਸ਼ਟਰ, 11 ਜੂਨ : ਮਹਾਰਾਸ਼ਟਰ ਤੋਂ ਧੋਖਾਧੜੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਵੱਡੇ ਬੈਂਕ ਦੀ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਇੱਕ ਮਹਿਲਾ ਨੇ ਮੁੰਬਈ ਮੈਟਰੋਪੋਲੀਟਨ ਰੀਜਨ ਆਇਰਨ ਐਂਡ ਸਟੀਲ ਮਾਰਕੀਟ ਕਮੇਟੀ ਨਾਲ 54 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਮੰਗਲਵਾਰ ਨੂੰ ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਪੁਲਸ ਨੇ ਇਸ ਧੋਖਾਧੜੀ ਦੇ ਮਾਮਲੇ 'ਚ ਮਹਿਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦਰਅਸਲ, ਜੂਨ 2022 ਵਿੱਚ, ਪਨਵੇਲ ਵਿੱਚ ਇੱਕ ਔਰਤ ਨੇ ਆਪਣੇ ਆਪ ਨੂੰ ਇੱਕ ਰਾਸ਼ਟਰੀ ਬੈਂਕ ਦੀ ਮੈਨੇਜਰ ਦੱਸਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਮਹਿਲਾ ਨੇ ਕਮੇਟੀ ਮੈਂਬਰਾਂ ਦਾ ਵਿਸ਼ਵਾਸ ਜਿੱਤਿਆ ਅਤੇ ਉਨ੍ਹਾਂ ਨੂੰ ਵੱਧ ਵਿਆਜ ਦਰਾਂ ਦੇਣ ਦਾ ਵਾਅਦਾ ਕੀਤਾ। ਉਸ ਨੇ ਜਾਅਲੀ ਦਸਤਾਵੇਜ਼ਾਂ ਨਾਲ ਹਵਾਲਾ ਵੀ ਦਿੱਤਾ ਸੀ। ਔਰਤ ਨੇ ਫਿਰ ਏ ਕਮੇਟੀ ਨੂੰ ਪੈਸੇ ਫਿਕਸਡ ਡਿਪਾਜ਼ਿਟ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ। ਕਮੇਟੀ ਮੈਂਬਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ 54.28 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਔਰਤ ਨੇ ਇਸ ਨਿਵੇਸ਼ ਦੀਆਂ ਜਾਅਲੀ ਰਸੀਦਾਂ ਵੀ ਜਾਰੀ ਕੀਤੀਆਂ ਸਨ। ਹਾਲਾਂਕਿ, ਜਦੋਂ ਕਮੇਟੀ ਨੇ ਜਮਾਂ ਕਰਵਾਉਣ ਦੀ ਮਿਆਦ ਖਤਮ ਹੋਣ ਤੋਂ ਬਾਅਦ ਪੈਸੇ ਅਤੇ ਵਿਆਜ ਵਾਪਸ ਕਰਨ ਦੀ ਮੰਗ ਕੀਤੀ ਤਾਂ ਔਰਤ ਨੇ ਟਾਲ-ਮਟੋਲ ਸ਼ੁਰੂ ਕਰ ਦਿੱਤੀ ਅਤੇ ਪੈਸੇ ਵੀ ਵਾਪਸ ਨਹੀਂ ਕੀਤੇ। ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਨੇ ਬੈਂਕ ਦੇ ਖਜ਼ਾਨਾ ਅਤੇ ਨਿਵੇਸ਼ ਵਿਭਾਗ ਵੱਲੋਂ ਕਥਿਤ ਤੌਰ ’ਤੇ ਜਾਰੀ ਕੀਤਾ ਇੱਕ ਜਾਅਲੀ ਪੱਤਰ ਵੀ ਪੇਸ਼ ਕੀਤਾ, ਜਿਸ ਵਿੱਚ ਪੈਸੇ ਵਾਪਸ ਕਰਨ ਲਈ ਹੋਰ ਸਮਾਂ ਮੰਗਿਆ ਗਿਆ। ਇੰਨੇ ਵੱਡੇ ਫਰਾਡ ਮਾਮਲੇ ਤੋਂ ਹਰ ਕੋਈ ਹੈਰਾਨ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਸੋਮਵਾਰ ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 (ਧੋਖਾਧੜੀ), 465 (ਜਾਅਲਸਾਜ਼ੀ) ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।