ਲੱਦਾਖ, 10 ਅਕਤੂਬਰ : ਲੱਦਾਖ ਦੇ ਮਾਊਂਟ ਕੁਨ ’ਚ ਫ਼ੌਜ ਦੀ ਟੁੱਕੜੀ ਦੇ ਬਰਫ਼ ਦੇ ਤੋਦੇ ਦੀ ਲਪੇਟ ’ਚ ਆਉਣ ਨਾਲ ਇਕ ਫ਼ੌਜੀ ਸ਼ਹੀਦ ਹੋ ਗਿਆ ਤੇ ਤਿੰਨ ਹੋਰ ਹਾਲੇ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਹਾਈ ਐਲਟੀਚਿਊਡ ਵਾਰਫੇਅਰ ਸਕੂਲ (ਹਾਕਸ) ਤੇ ਫ਼ੌਜ ਦੀ ਆਰਮੀ ਐਡਵੈਂਚਰ ਵਿੰਗ ਦੇ ਲਗਪਗ 40 ਜਵਾਨਾਂ ਦੀ ਇਕ ਟੁੱਕੜੀ ਮਾਊਂਟ ਕੁਨ ਦੇ ਨਜ਼ਦੀਕ ਨਿਯਮਤ ਸਿਖਲਾਈ ਤੇ ਅਭਿਆਸ ਪ੍ਰੋਗਰਾਮ ’ਚ ਹਿੱਸਾ ਲੈ ਰਹੀ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਸ ਇਸ ਸੀਜ਼ਨ ਦੌਰਾਨ ਨਿਯਮਤ ਤੌਰ ’ਤੇ ਹੁੰਦੇ ਹਨ ਤਾਂ ਜੋ ਬਰਫ਼ ਦੀਆਂ ਚੁਣੌਤੀਆਂ ਨਾਲ ਲੜਨ ਵਾਲੇ ਜਵਾਨਾਂ ਨੂੰ ਜ਼ਮੀਨੀ ਚੁਣੌਤੀਆਂ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਸਕੇ। ਹਾਲਾਂਕਿ ਸੂਤਰਾਂ ਨੇ ਕਿਹਾ ਕਿ ਸਿਖਲਾਈ ਦੌਰਾਨ ਜ਼ਮੀਨ ਖਿਸਕੀ ਤੇ ਚਾਰ ਜਵਾਨ ਬਰਫ਼ ਦੇ ਤੋਦਿਆਂ ਦੀ ਲਪੇਟ ’ਚ ਆਏ। ਤੱਤਕਾਲ ਬਚਾਅ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਕ ਜਵਾਨ ਦੀ ਲਾਸ਼ ਨੂੰ ਫ਼ੌਜ ਨੇ ਬਰਾਮਦ ਕਰ ਲਿਆ। ਤਿੰਨ ਹੋਰਨਾਂ ਦੀ ਭਾਲ ਜਾਰੀ ਹੈ।