ਅਜੇ ਖਤਮ ਨਹੀਂ ਹੋਇਆ, ਇਹ ਸਿਰਫ਼ ਇੱਕ ਟ੍ਰੇਲਰ : ਰਾਜਨਾਥ ਸਿੰਘ

  • ਭੁਜ ਏਅਰਬੇਸ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ
  • ਆਈਐਮਐਫ ਵੱਲੋਂ ਫੰਡਿੰਗ ‘ਤੇ ਵੀ ਚੁੱਕੇ ਸਵਾਲ

ਨਵੀ ਦਿੱਲੀ, 16 ਮਈ 2025 : ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਪਹਿਲੀ ਵਾਰ ਗੁਜਰਾਤ ਦੇ ਭੁਜ ਏਅਰ ਫੋਰਸ ਸਟੇਸ਼ਨ ਪਹੁੰਚੇ। ਇੱਥੇ ਉਨ੍ਹਾਂ ਨੇ ਫੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਹਾਲਾਤਾਂ ਬਾਰੇ ਵੀ ਜਾਣਕਾਰੀ ਲਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭੁਜ ਏਅਰਬੇਸ ‘ਤੇ ਜਵਾਨਾਂ ਨੂੰ ਸੰਬੋਧਨ ਵੀ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ, ਇਹ ਸਿਰਫ਼ ਇੱਕ ਟ੍ਰੇਲਰ ਹੈ, ਸਮਾਂ ਆਉਣ ‘ਤੇ ਅਸੀਂ ਦੁਨੀਆ ਨੂੰ ਪੂਰੀ ਪਿਕਚਰ ਦਿਖਾਵਾਂਗੇ। ਉਨ੍ਹਾਂ ਕਿਹਾ- “ਪਾਕਿਸਤਾਨ ਨੇ ਬ੍ਰਹਮੋਸ ਮਿਜ਼ਾਈਲ ਦੀ ਸ਼ਕਤੀ ਨੂੰ ਸਵੀਕਾਰ ਕਰ ਲਿਆ ਹੈ, ਇੱਕ ਮਸ਼ਹੂਰ ਕਹਾਵਤ ਹੈ- ਦਿਨ ਵਿੱਚ ਤਾਰੇ ਦੇਖਣਾ। ਬ੍ਰਹਮੋਸ ਨੇ ਰਾਤ ਦੇ ਹਨੇਰੇ ਵਿੱਚ ਪਾਕਿਸਤਾਨ ਨੂੰ ਦਿਨ ਦੀ ਰੌਸ਼ਨੀ ਦਿਖਾਈ।” ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਈਐਮਐਫ ਫੰਡਿੰਗ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਆਈਐਮਐਫ ਦਾ ਪੈਸਾ ਅੱਤਵਾਦੀਆਂ ਤੱਕ ਪਹੁੰਚੇਗਾ। ਕੀ IMF ਅਸਿੱਧੇ ਤੌਰ ‘ਤੇ ਅੱਤਵਾਦ ਨੂੰ ਫੰਡ ਦੇਣਾ ਚਾਹੁੰਦਾ ਹੈ? ਆਈਐਮਐਫ ਨੂੰ ਪਾਕਿਸਤਾਨ ਨੂੰ ਫੰਡ ਦੇਣ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।