- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ, 19 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਫ਼ੋਨ 'ਤੇ ਗੱਲ ਕਰ ਕੇ ਗਾਜ਼ਾ ਦੇ ਅਲ ਅਹਲੀ ਹਸਪਤਾਲ 'ਚ ਹਮਲੇ ਦੌਰਾਨ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਵਿਵਾਦ ਵਿਚਾਲੇ ਭਾਰਤ ਦੇ ਸਿਧਾਂਤਕ ਰੁਖ ਨੂੰ ਦੁਹਰਾਇਆ ਹੈ। ਇਸ ਤੋਂ ਇਲਾਵਾ ਮੋਦੀ ਨੇ ਅੱਬਾਸ ਨਾਲ ਇਲਾਕੇ 'ਚ ਅਤਿਵਾਦ, ਹਿੰਸਾ ਤੇ ਵਿਗੜੀ ਹੋਈ ਸੁਰੱਖਿਆ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਫਲਸਤੀਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਭੇਜਣਾ ਜਾਰੀ ਰੱਖੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਐਕਸ' 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, 'ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗੱਲਬਾਤ ਕੀਤੀ। ਗਾਜ਼ਾ ਦੇ ਅਲ-ਅਹਲੀ ਹਸਪਤਾਲ 'ਚ ਨਾਗਰਿਕਾਂ ਦੀ ਮੌਤ 'ਤੇ ਅਪਣੀ ਸੰਵੇਦਨਾ ਪ੍ਰਗਟ ਕੀਤੀ। ਅਸੀਂ ਫਲਸਤੀਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਭੇਜਣਾ ਜਾਰੀ ਰੱਖਾਂਗੇ। ਇਲਾਕੇ 'ਚ ਅਤਿਵਾਦ , ਹਿੰਸਾ ਤੇ ਵਿਗੜਦੀ ਹੋਈ ਸੁਰੱਖਿਆ ਸਥਿਤੀ 'ਤੇ ਆਪਣੀ ਚਿੰਤਾ ਪ੍ਰਗਟ ਕੀਤੀ।' ਦੱਸ ਦੇਈਏ ਕਿ ਮੰਗਲਵਾਰ ਨੂੰ ਗਾਜ਼ਾ ਦੇ ਅਲ ਅਹਲੀ ਹਸਪਤਾਲ 'ਚ ਹੋਏ ਧਮਾਕੇ 'ਚ ਲਗਭਗ 500 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ। ਫਲਸਤੀਨੀ ਅਧਿਕਾਰੀਆਂ ਨੇ ਇਸ ਹਮਲੇ ਲਈ ਇਜ਼ਰਾਇਲ ਦੇ ਹਵਾਈ ਹਮਲੇ ਨੂੰ ਜ਼ਿੰਮੇਦਾਰ ਠਹਿਰਾਇਆ ਸੀ।