ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਪ੍ਰਸਿੱਧ ਖੋਜ ਇੰਜਣ, 100 ਤੋਂ ਵੱਧ ਭਾਰਤੀ ਭਾਸ਼ਾਵਾਂ ਵਿੱਚ ਟੈਕਸਟ ਅਤੇ ਵੌਇਸ ਇੰਟਰਨੈਟ ਖੋਜ ਉਪਲਬਧ ਕਰਾਉਣ 'ਤੇ ਕੰਮ ਕਰ ਰਿਹਾ ਹੈ, ਇੰਟਰਨੈਟ ਤਕਨਾਲੋਜੀ ਕੰਪਨੀ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁੰਦਰ ਪਿਚਾਈ ਨੇ ਸੋਮਵਾਰ ਨੂੰ ਕਿਹਾ ਕਿ ਗੂਗਲ ਕੰਪਨੀ 100 ਤੋਂ ਵੱਧ ਭਾਰਤੀ ਭਾਸ਼ਾਵਾਂ ਵਿੱਚ ਲਿਖਤੀ ਸ਼ਬਦਾਂ ਅਤੇ ਆਵਾਜ਼ ਰਾਹੀਂ ਇੰਟਰਨੈਟ ਖੋਜ ਦੀ ਸਹੂਲਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਪਣੀ ਭਾਰਤ ਯਾਤਰਾ ਮੌਕੇ ਲਿਖੇ ਬਲਾਗ 'ਚ ਪਿਚਾਈ ਨੇ ਕਿਹਾ ਕਿ ਭਾਰਤ 'ਚ ਤਕਨਾਲੋਜੀ ਦੀ ਰਫਤਾਰ ਅਸਾਧਾਰਨ ਰਹੀ ਹੈ ਅਤੇ ਗੂਗਲ ਵੀ ਇੱਥੇ ਸਟਾਰਟਅੱਪਸ ਅਤੇ ਛੋਟੀਆਂ ਕੰਪਨੀਆਂ ਦਾ ਸਮਰਥਨ ਕਰ ਰਿਹਾ ਹੈ। ਇਸ ਤੋਂ ਇਲਾਵਾ ਸਾਈਬਰ ਸੁਰੱਖਿਆ, ਸਿੱਖਿਆ ਅਤੇ ਹੁਨਰ ਸਿਖਲਾਈ ਅਤੇ ਖੇਤੀਬਾੜੀ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਵਿੱਚ 'ਆਰਟੀਫ਼ੀਸ਼ੀਅਲ ਇੰਟੈਲੀਜੈਂਸ' (AI) ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਮੈਂ 10 ਅਰਬ ਡਾਲਰ ਦੇ ਆਪਣੇ 10 ਸਾਲਾਂ ਦੇ ਇੰਡੀਆ ਡਿਜੀਟਾਈਜੇਸ਼ਨ ਫ਼ੰਡ ਤੋਂ ਹੋਈ ਤਰੱਕੀ ਨੂੰ ਦੇਖਣ ਅਤੇ ਨਵੇਂ ਤਰੀਕੇ ਸਾਂਝੇ ਕਰਨ ਲਈ ਆਇਆ ਹਾਂ। ਅਸੀਂ ਭਾਰਤ ਦੇ ਡਿਜੀਟਲ ਭਵਿੱਖ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਰਹੇ ਹਾਂ।" ਭਾਰਤ ਵਿੱਚ ਜੰਮੇ ਅਤੇ ਵੱਡੇ ਹੋਏ ਪਿਚਾਈ ਨੇ ਕਿਹਾ, "ਏ.ਆਈ. 'ਤੇ ਅਧਾਰਤ ਇੱਕ ਸਿੰਗਲ, ਏਕੀਕ੍ਰਿਤ ਮਾਡਲ ਦਾ ਵਿਕਾਸ ਸਾਡੇ ਇਸੇ ਸਮਰਥਨ ਦਾ ਹਿੱਸਾ ਹੈ। ਇਹ ਲਿਖਤੀ ਸ਼ਬਦਾਂ ਅਤੇ ਆਵਾਜ਼ ਰਾਹੀਂ 100 ਤੋਂ ਵੱਧ ਭਾਰਤੀ ਭਾਸ਼ਾਵਾਂ ਨੂੰ ਚਲਾਉਣ ਦੇ ਸਮਰੱਥ ਹੋਵੇਗਾ। ਇਹ ਮਾਡਲ ਦੁਨੀਆ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 1,000 ਭਾਸ਼ਾਵਾਂ ਨੂੰ ਆਨਲਾਈਨ ਪਲੇਟਫ਼ਾਰਮ 'ਤੇ ਲਿਆਉਣ ਦੀ ਸਾਡੀ ਪਹਿਲਕਦਮੀ ਦਾ ਹਿੱਸਾ ਹੈ।" ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਗੂਗਲ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਮਦਰਾਸ ਦੇ ਸਹਿਯੋਗ ਨਾਲ ਜ਼ਿੰਮੇਵਾਰ ਏ.ਆਈ. ਵਾਸਤੇ ਇੱਕ ਨਵੇਂ, ਬਹੁ-ਅਨੁਸ਼ਾਸਨੀ ਕੇਂਦਰ ਦਾ ਵੀ ਸਮਰਥਨ ਕਰ ਰਿਹਾ ਹੈ। ਇਹ ਏ.ਆਈ. ਪ੍ਰਤੀ ਗੂਗਲ ਦੀ ਵਿਸ਼ਵ-ਵਿਆਪੀ ਪਹਿਲਕਦਮੀ ਦਾ ਹਿੱਸਾ ਹੈ। ਪਿਚਾਈ ਨੇ ਕਿਹਾ, “ਮੈਂ ਇਹ ਦੇਖਣ ਲਈ ਬਹੁਤ ਉਤਸੁਕ ਹਾਂ ਕਿ ਭਾਰਤ ਏ.ਆਈ. ਦੇ ਖੇਤਰ ਵਿੱਚ ਕਿਵੇਂ ਨਵੇਂ ਕਦਮ ਚੁੱਕਦਾ ਹੈ। ਇਸ ਨਾਲ ਭਾਰਤ ਦੇ ਇੱਕ ਅਰਬ ਤੋਂ ਵੱਧ ਲੋਕਾਂ ਨੂੰ ਫ਼ਾਇਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਜੀਟਲ ਇੰਡੀਆ ਮੁਹਿੰਮ ਨੇ ਦੇਸ਼ ਭਰ 'ਚ ਦਿਖਾਈ ਦੇ ਰਹੀ ਤਰੱਕੀ ਨੂੰ ਤੇਜ਼ ਕਰਨ ਵਿੱਚ ਮਦਦ ਕੀਤੀ ਹੈ।